ਨਵੀਂ ਦਿੱਲੀ,
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਈ ਅਫਗਾਨ ਵਸਨੀਕਾਂ ਨੇ ਪੰਜਸ਼ੀਰ ਸੂਬੇ ’ਤੇ ਤਾਲਿਬਾਨ ਵੱਲੋਂ ਕੀਤੇ ਕਬਜ਼ੇ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਖ਼ਿਲਾਫ਼ ਪਾਕਿਸਤਾਨ ਦੇ ਸਫਾਰਤਖਾਨੇ ਦੇ ਬਾਹਰ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਤਾਲਿਬਾਨ ਦੇ ਲੜਾਕਿਆਂ ਨੇ ਇਨ੍ਹਾਂ ਲੋਕਾਂ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀਬਾਰੀ ਕੀਤੀ। ਇਨ੍ਹਾਂ ਲੋਕਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿੱਚ ਕਿਸੇ ਹੋਰ ਦੇਸ਼ ਵੱਲੋਂ ਚਲਾਈ ਜਾ ਰਹੀ ਸਰਕਾਰ ਦਾ ਸਮਰਥਨ ਨਹੀਂ ਕਰਦੇ ਹਨ। ਲੋਕਾਂ ਦਾ ਇਹ ਇਕੱਠ ਤਾਲਿਬਾਨ ਖ਼ਿਲਾਫ਼ ਪੰਜਸ਼ੀਰ ਵਿੱਚ ਜੰਗ ਲੜਨ ਵਾਲੇ ਆਗੂ ਅਹਿਮਦ ਮਸੂਦ ਵੱਲੋਂ ਭੇਜੇ ਗਏ ਇਕ ਸੁਨੇਹੇ ਮਗਰੋਂ ਹੋਇਆ ਜਿਸ ਵਿੱਚ ਉਨ੍ਹਾਂ ਨੇ ਤਾਲਿਬਾਨ ਖ਼ਿਲਾਫ਼ ਅਫਗਾਨ ਵਾਸੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਖਬਰ ਏਜੰਸੀ ‘ਖਾਮਾ’ ਅਨੁਸਾਰ ਪ੍ਰਦਰਸ਼ਨ ਕਰ ਰਹੇ ਅਫਗਾਨ ਵਾਸੀ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤੇ ਪਾਕਿਸਤਾਨੀ ਸਫਾਰਤਖਾਨੇ ਨੂੰ ਅਫਗਾਨਿਸਤਾਨ ਤੋਂ ਬਾਹਰ ਜਾਣ ਦੀ ਅਪੀਲ ਕਰ ਰਹੇ ਸਨ। ਇਸੇ ਦੌਰਾਨ ਬਲਖ ਤੇ ਦਾਇਕੁੰਡੀ ਦੇ ਵਸਨੀਕਾਂ ਨੇ ਵੀ ਸੜਕਾਂ ’ਤੇ ਉਤਰ ਕੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਰਾਨ ਨੇ ਵੀ ਪੰਜਸ਼ੀਰ ਵਿੱਚ ਵਿਦੇਸ਼ੀ ਤਾਕਤਾਂ ਵੱਲੋਂ ਕੀਤੇ ਹਵਾਈ ਹਮਲਿਆਂ ਦੀ ਨਿਰਪੱਖ ਜਾਂਚ ਮੰਗੀ ਹੈ।