ਮਾਨਸਾ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੋਇਆ ਹੈ। ਉਧਰ ਪੰਜਾਬ ਸਰਕਾਰ ਨਾਲ ਕੱਲ੍ਹ ਪਨਬਸ-ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਫ਼ਦ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਹੜਤਾਲੀ ਕਾਮਿਆਂ ਨੇ ਪੰਜਾਬ ਭਰ ਵਿੱਚ ਆਪਣੇ ਬੱਸ ਅੱਡਿਆਂ ਨੂੰ ਜਾਮ ਕਰਕੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਧਰਨੇ ਦਿੱਤੇ। ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਇਹ ਅੱਡੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਕਰਨੇ ਸਨ ਪਰ ਉਹ ਵੇਲਾ ਆਮ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਦਫਤਰ ਜਾਣ ਵਾਲਾ ਹੋਣ ਕਰਕੇ ਇਸ ਨੂੰ ਅੱਗੇ ਪਾਇਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ 10 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਿੱਸਵਾ ਫ਼ਾਰਮ ਅੱਗੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਜਾਵੇਗਾ ਅਤੇ ਮੰਗਾਂ ਮੰਨਣ ਤੱਕ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।