ਟੋਰਾਂਟੋ ਦੇ ਕੈਮੀਕਲ ਪਲਾਂਟ ਵਿੱਚ ਹੋਇਆ ਧਮਾਕਾ, ਇੱਕ ਹਲਾਕ

ਰਾਂਟੋ,  : ਟੋਰਾਂਟੋ ਦੇ ਪੂਰਬੀ ਹਿੱਸੇ ਵਿੱਚ ਸਥਿਤ ਕੈਮੀਕਲ ਪਲਾਂਟ ਉੱਤੇ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੂੰ ਸਵੇਰੇ 10:00 ਵਜੇ ਈਸਟ ਯੌਰਕ ਵਿੱਚ ਡੌਨ ਮਿੱਲਜ਼ ਰੋਡ ਤੇ ਐਗਲਿੰਟਨ ਐਵਨਿਊ ਈਸਟ ਨੇੜੇ 225 ਵਿੱਕਸਟੀਡ ਐਵਨਿਊ ਏਰੀਆ ਵਿੱਚ ਸਿਲਟੈਕ ਕੈਮੀਕਲ ਪਲਾਂਟ ਉੱਤੇ ਹੋਏ ਧਮਾਕੇ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ।ਇੱਕ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਜੇ ਨੂੰ ਨਾਜ਼ੁਕ ਹਾਲਤ ਵਿੱਚ ਸੰਨੀਬਰੁੱਕ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਟੋਰਾਂਟੋ ਫਾਇਰ ਦੇ ਕਾਰਜਕਾਰੀ ਚੀਫ ਜਿੰਮ ਜੈਸਪ ਨੇ ਪੱਤਰਕਾਰਾਂ ਨੂੰ ਦਿੱਤੀ।
ਟੋਰਾਂਟੋ ਫਾਇਰ ਅਨੁਸਾਰ ਕਈ ਹੋਰ ਲੋਕ ਵੀ ਕੈਮੀਕਲ ਕਾਰਨ ਕਈ ਥਾਂਵਾਂ ਤੋਂ ਸੜ ਗਏ ਤੇ ਇਸ ਵੇਲੇ ਹਸਪਤਾਲ ਵਿੱਚ ਉਨ੍ਹਾਂ ਦਾ ਮੁਆਇਨਾ ਤੇ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਾਡਾ ਅਮਲਾ ਮਾਲਕ ਨਾਲ ਰਲ ਕੇ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕਰ ਰਿਹਾ ਹੈ ਕਿ ਸਥਿਤੀ ਉੱਤੇ ਕਾਬੂ ਪਾਇਆ ਜਾ ਚੁੱਕਿਆ ਹੈ ਤੇ ਆਮ ਜਨਤਾ ਨੂੰ ਕੋਈ ਖਤਰਾ ਤਾਂ ਨਹੀਂ ਹੈ।
ਲੇਬਰ ਮੰਤਰਾਲੇ ਨੂੰ ਵੀ ਧਮਾਕੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਂਚ ਕਰਨ ਲਈ ਇੱਕ ਇੰਸਪੈਕਟਰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।