ਰੋਮ
ਇਟਲੀ ਵਿੱਚ ਸ਼ਰਨ ਲੈਣ ਦੇ ਇਛੁੱਕ ਸੋਮਾਲੀਆ ਮੂਲ ਦੇ ਇਕ ਵਿਅਕਤੀ ਨੇ ਬੀਤੀ ਰਾਤ ਬੱਸ ਵਿੱਚ ਸਵਾਰ ਹੋ ਕੇ ਟਿਕਟਾਂ ਚੈੱਕ ਕਰਨ ਵਾਲੇ ਦੋ ਅਧਿਕਾਰੀਆਂ ਸਣੇ ਪੰਜ ਜਣਿਆਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਪੁਲੀਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਇਹ ਘਟਨਾ ਇਟਲੀ ਦੇ ਬੀਚ ਰਿਜ਼ੋਰਟ ਕਸਬੇ ਰਾਮਿਨੀ ਵਿੱਚ ਵਾਪਰੀ। ਪੁਲੀਸ ਨੇ ਅਤਿਵਾਦ ਦੀ ਕਿਸੇ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ 26 ਵਰ੍ਹਿਆਂ ਦੇ ਹਮਲਾਵਾਰ ਨੇ ਘਟਨਾ ਵੇਲੇ ਨਸ਼ਾ ਕੀਤਾ ਹੋਇਆ ਸੀ। ਇਟਲੀ ਦੀ ਖਬਰ ਏਜੰਸੀ ਆਰਏਆਈ ਅਨੁਸਾਰ ਜਦੋਂ ਇਹ ਵਿਅਕਤੀ ਬੱਸ ਵਿੱਚ ਸਵਾਰ ਹੋਇਆ ਤਾਂ ਟਿਕਟ ਕੰਟਰੋਲਰਾਂ ਨੇ ਉਸ ਤੋਂ ਟਿਕਟ ਬਾਰੇ ਪੁੱਛਿਆ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਡਰਾਈਵਰ ਨੇ ਬੱਸ ਰੋਕੀ ਤਾਂ ਉਹ ਫ਼ਰਾਰ ਹੋ ਗਿਆ। ਬਾਅਦ ਵਿੱਚ ਉਸ ਨੇ ਦੋ ਔਰਤਾਂ ਤੇ ਇਕ ਬੱਚੇ ’ਤੇ ਵੀ ਚਾਕੂ ਨਾਲ ਹਮਲੇ ਕੀਤੇ।