ਕੈਨੇਡੀਅਨ ਹਸਪਤਾਲਾਂ ਦੇ ਬਾਹਰ ਯੋਜਨਾਬੱਧ ਮੁਜ਼ਾਹਰਿਆਂ ਦੀ ਫੋਰਡ ਤੇ ਟੋਰੀ ਨੇ ਕੀਤੀ ਨਿਖੇਧੀ

ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਹਸਪਤਾਲਾਂ ਦੇ ਬਾਹਰ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਮਤਲਬੀ, ਕਾਇਰ ਤੇ ਲਾਪਰਵਾਹ ਦੱਸਿਆ ਤੇ ਆਖਿਆ ਕਿ ਅਜਿਹੇ ਲੋਕਾਂ ਨੂੰ ਰੋਕਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇੱਕ ਟਵੀਟ ਉੱਤੇ ਉਨ੍ਹਾਂ ਆਖਿਆ ਕਿ ਮਹਾਂਮਾਰੀ ਦੌਰਾਨ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਹੈਲਥ ਕੇਅਰ ਵਰਕਰਜ਼ ਨੇ ਕਿੰਨੇ ਬਲੀਦਾਨ ਦਿੱਤੇ ਹਨ। ਉਨ੍ਹਾਂ ਸਾਹਮਣੇ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ। ਸਾਡੇ ਹੈਲਥ ਕੇਅਰ ਵਰਕਰਜ਼ ਨੂੰ ਇੱਕਲਿਆਂ ਛੱਡ ਦਿਓ।ਇਸ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਐਤਵਾਰ ਦੁਪਹਿਰ ਨੂੰ ਟਵੀਟ ਕਰਕੇ ਮੁਜ਼ਾਹਰਾਕਾਰੀਆਂ ਦੀ ਨਿਖੇਧੀ ਕੀਤੀ।
ਉਨ੍ਹਾਂ ਆਖਿਆ ਕਿ ਆਪਣੀ ਸਿਟੀ ਨੂੰ ਰੀਓਪਨ ਕਰਨ ਲਈ ਜਾਂ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਜੋ ਕੁੱਝ ਸਾਡੇ ਵੱਲੋਂ ਕੀਤਾ ਗਿਆ ਹੈ, ਇਸ ਤਰ੍ਹਾਂ ਦੇ ਮੁਜ਼ਾਹਰੇ ਕਰਕੇ ਉਸ ਨੂੰ ਖਰਾਬ ਕਰਨ ਦੀ ਕੋਸਿ਼ਸ਼ ਨਹੀਂ ਕੀਤੀ ਜਾਣੀ ਚਾਹੀਦੀ।ਉਨ੍ਹਾਂ ਆਖਿਆ ਕਿ ਜਿਨ੍ਹਾਂ ਬੇਕਸੂਰ ਲੋਕਾਂ ਨੂੰ ਮੈਡੀਕਲ ਕੇਅਰ ਚਾਹੀਦੀ ਹੈ ਉਨ੍ਹਾਂ ਦੀਆਂ ਜਾਨਾਂ ਬਚਾਉਣ ਅਤੇ ਸਾਡੇ ਹੈਲਥਕੇਅਰ ਹੀਰੋਜ਼ ਲਈ ਸਾਨੂੰ ਜੋ ਕੁੱਝ ਵੀ ਕਰਨਾ ਹੋਵੇਗਾ ਅਸੀਂ ਕਰਾਂਗੇ। ਇਸ ਲਈ ਪੁਲਿਸ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਵੇਗੀ ਉਹ ਉਸ ਦੀ ਹਮਾਇਤ ਕਰਨਗੇ।
ਟੋਰਾਂਟੋ ਪੁਲਿਸ ਸਰਵਿਸ ਦੇ ਤਰਜ਼ਮਾਨ ਨੇ ਆਖਿਆ ਕਿ ਕੱਲ੍ਹ ਹੋਣ ਵਾਲੇ ਯੋਜਨਾਬੱਧ ਮੁਜ਼ਾਹਰੇ ਤੋਂ ਉਹ ਜਾਣੂ ਹਨ। ਕਾਂਸਟੇਬਨ ਐਲੈਕਸ ਲੀ ਨੇ ਆਖਿਆ ਕਿ ਅਸੀਂ ਹਾਲਾਤ ਦਾ ਬਾਰੀਕੀ ਨਾਲ ਮੁਆਇਨਾ ਕਰਾਂਗੇ ਤੇ ਜਿੱਥੇ ਲੋੜ ਪਈ ਪੁਲਿਸ ਕਾਰਵਾਈ ਕਰੇਗੀ।