ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਮਹਿਮਾਨਾਂ ਦੇ ਆਊਟਬ੍ਰੇਕ ਦੀ ਚਪੇਟ ਵਿੱਚ ਆਉਣ ਦਾ ਡਰ

ਮਿਸੀਸਾਗਾ : ਪੀਲ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਮਿਸੀਸਾਗਾ ਦੇ ਬੈਂਕੁਏਟ ਹਾਲ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਮਹਿਮਾਨ ਕੋਵਿਡ-19 ਦੀ ਚਪੇਟ ਵਿੱਚ ਆਏ ਹੋ ਸਕਦੇ ਹਨ।
ਐਤਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਲੋਕਲ ਹੈਲਥ ਯੂਨਿਟ ਨੇ ਆਖਿਆ ਕਿ 5 ਸਤੰਬਰ ਨੂੰ ਕੈਪੀਟਲ ਬੈਂਕੁਏਟ ਸੈਂਟਰ ਵਿੱਚ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਗਏ ਲੋਕਾਂ ਨੂੰ ਆਪਣਾ ਕੋਵਿਡ-19 ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।ਇਹ ਬੇਨਤੀ ਇੱਥੇ ਆਊਟਬ੍ਰੇਕ ਹੋਣ ਕਾਰਨ ਕੀਤੀ ਜਾ ਰਹੀ ਹੈ।
ਇਹ ਵੀ ਆਖਿਆ ਗਿਆ ਕਿ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਰੈਜ਼ੀਡੈਂਟਸ ਨੂੰ ਖੁਦ ਨੂੰ ਆਈਸੋਲੇਟ ਵੀ ਕਰਨਾ ਚਾਹੀਦਾ ਹੈ। ਜਿਹੜੇ ਲੋਕ ਖੁਦ ਨੂੰ ਆਈਸੋਲੇਟ ਨਹੀਂ ਕਰ ਸਕਣਗੇ ਉਨ੍ਹਾਂ ਨੂੰ ਕਲਾਸ ਆਰਡਰ ਦੀ ਧਾਰਾ 22 ਤਹਿਤ ਜੁਰਮਾਨਾ ਵੀ ਹੋ ਸਕਦਾ ਹੈ। ਪੀਲ ਪਬਲਿਕ ਹੈਲਥ ਵੱਲੋਂ ਇਸ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਮਹਿਮਾਨਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਤੇ ਨਾ ਹੀ ਇਹ ਖੁਲਾਸਾ ਕੀਤਾ ਗਿਆ ਕਿ ਇੱਥੇ ਕਿੰਨੇ ਮਾਮਲੇ ਸਾਹਮਣੇ ਆਏ ਹਨ।