ਜੇਨ ਤੇ ਸੇਂਟ ਕਲੇਅਰ ਨੇੜੇ ਲੋਕਾਂ ਦੇ ਗਰੁੱਪ ਉੱਤੇ ਗੰਨਮੈਨ ਵੱਲੋਂ ਚਲਾਈਆਂ ਗਈਆਂ ਗੋਲੀਆਂ

ਟੋਰਾਂਟੋ : ਵੀਰਵਾਰ ਰਾਤ ਨੂੰ ਇੱਕ ਰਿਹਾਇਸ਼ੀ ਇਮਾਰਤ ਦੇ ਬਾਹਰ ਲੋਕਾਂ ਦੇ ਗਰੁੱਪ ਉੱਤੇ ਇੱਕ ਗੰਨਮੈਨ ਵੱਲੋਂ ਗੋਲੀਆਂ ਚਲਾਏ ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਮਸ਼ਕੂਕ ਦੀ ਭਾਲ ਕਰ ਰਹੀ ਹੈ।
ਰਾਤੀਂ 11:00 ਵਜੇ ਦੇ ਨੇੜੇ ਤੇੜੇ ਸੇਂਟ ਕਲੇਅਰ ਐਵਨਿਊ ਵੈਸਟ ਦੇ ਉੱਤਰ ਵੱਲ ਜੇਨ ਸਟਰੀਟ ਤੇ ਵੂਲਨਰ ਐਵਨਿਊ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਗਰੁੱਪ ਉੱਤੇ ਘੱਟੋ ਘੱਟ 15 ਗੋਲੀਆਂ ਚਲਾਈਆਂ ਗਈਆਂ। ਚਸ਼ਮਦੀਦਾਂ ਨੇ ਪੰਜ ਤੋਂ ਛੇ ਵਿਅਕਤੀਆਂ ਨੂੰ ਭੱਜਦਿਆਂ ਵੇਖਿਆ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।
ਗੋਲੀਆਂ ਇਮਾਰਤ ਦੇ ਦੋ ਅਪਾਰਟਮੈਂਟਸ ਵਿੱਚ ਵੀ ਲੱਗੀਆਂ।ਗੋਲੀਆਂ ਲੱਗਣ ਸਮੇਂ ਦੋਵਾਂ ਅਪਾਰਮੈਂਟਸ ਵਿੱਚ ਵੀ ਲੋਕ ਮੌਜੂਦ ਸਨ ਪਰ ਕਿਸੇ ਨੂੰ ਗੋਲੀ ਨਹੀਂ ਲੱਗੀ। ਸ਼ੂਟਿੰਗ ਵਿੱਚ ਇੱਕ ਵ੍ਹੀਕਲ ਨੂੰ ਵੀ ਨੁਕਸਾਨ ਪਹੁੰਚਿਆ। ਅਜੇ ਤੱਕ ਕਿਸੇ ਮਸ਼ਕੂਕ ਦਾ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ ਹੈ।