ਮੋਗਾ
ਸੂਬੇ ਵਿਚ ਇੱਕ ਛੱਤ ਥੱਲ੍ਹੇ ਸੇਵਾਵਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰਾਂ ’ਚ ਮੋਟੀ ਫੀਸ ਭਰ ਕੇ ਵੀ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਰਾਹਤ ਨਹੀਂ ਮਿਲ ਰਹੀ। ਬਹੁਤੇ ਸੇਵਾ ਕੇਂਦਰਾਂ ਦਾ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਹੀ ਟੋਕਨ ਖ਼ਤਮ ਹੋ ਜਾਂਦੇ ਹਨ। ਇਥੇ ਟੋਕਨ ਹਾਸਲ ਕਰਨ ਲਈ ਚਾਰ ਚਾਰ ਦਿਨ ਉਡੀਕ ਕਰਨੀ ਪੈਂਦੀ ਹੈ। ਜ਼ਿਲ੍ਹਾ ਇੰਚਾਰਜ਼ ਰੋਸ਼ਨ ਲਾਲ ਸ਼ਰਮਾ ਨੇ 4 ਦਿਨ ਦੇ ਟੋਕਟ ਸਿਸਟਮ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਭੀੜ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਵਧਾਉਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ।
ਸਰਕਾਰ ਵੱਲੋਂ ਇੱਕ ਛੱਤ ਹੇਠਾਂ ਸੇਵਾਵਾਂ ਮਹੁੱਈਆ ਕਰਵਾਉਣ ਅਤੇ ਏਜੰਟਾਂ ਦੇ ਝੰਜਟ ’ਚੋਂ ਕੱਢਣ ਲਈ ਪਹਿਲਾਂ ਸੁਵਿਧਾ ਸੇੈਂਟਰ ਖੋਲ੍ਹੇ ਗਏ ਅਤੇ ਹੁਣ ਸੇਵਾ ਕੇਂਦਰ ਮੁਲਾਜ਼ਮ ਫਾਈਲਾਂ ’ਤੇ ਬੇਤੁਕੇ ਅਤੇ ਵਾਰ ਵਾਰ ਇਤਰਾਜ਼ ਲਗਾ ਕੇ ਲੋਕਾਂ ਨੂੰ ਮੁੜ ਏਜੰਟਾਂ ਦੇ ਚੱਕਰਾਂ ਵਿਚ ਪੈਣ ਲਈ ਮਜਬੂਰ ਕਰ ਰਹੇ ਹਨ। ਇਥੇ ਆਏ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਏਜੰਟਾਂ ਅਤੇ ਪਹੁੰਚ ਵਾਲਿਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।