ਐਨਡੀਪੀ ਦੇ ਸਮਰਥਕਾਂ ਦਾ ਲਿਬਰਲਾਂ ਵੱਲ ਹੋ ਰਿਹਾ ਹੈ ਝੁਕਾਅ : ਨੈਨੋਜ਼

ਟੋਰਾਂਟੋ  : ਵੋਟਾਂ ਪੈਣ ਵਿੱਚ ਹੁਣ ਜਦੋਂ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਦੇ ਸਮਰਥਨ ਵਿੱਚ ਦਰਜ ਕੀਤੀ ਗਈ ਕਮੀ ਇਹੋ ਦਰਸਾਉਂਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕੁੱਝ ਸਮਰਥਕਾਂ ਦਾ ਝੁਕਾਅ ਲਿਬਰਲਾਂ ਵੱਲ ਹੋ ਗਿਆ ਹੈ। ਇਹ ਖੁਲਾਸਾ ਨਿੱਕ ਨੈਨੋਜ਼ ਦੀ ਨਵੀਂ ਰਿਸਰਚ ਤੋਂ ਹੋਇਆ ਹੈ।
ਨੈਨੋਜ਼ ਰਿਸਰਚ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਜਗਮੀਤ ਸਿੰਘ ਨੂੰ ਪਸੰਦੀਦਾ ਪ੍ਰਧਾਨ ਮੰਤਰੀ ਵੱਜੋਂ ਮਿਲ ਰਿਹਾ ਸਮਰਥਨ ਪਿਛਲੇ ਚਾਰ ਦਿਨਾਂ ਤੋਂ ਕਾਫੀ ਘੱਟ ਗਿਆ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜਗਮੀਤ ਸਿੰਘ ਨੂੰ ਇਸ ਸਮੇਂ 16·3 ਫੀ ਸਦੀ ਲਕਾਂ ਤੋਂ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਅਜੇ ਪਿਛਲੇ ਹਫਤੇ ਵੀਰਵਾਰ ਨੂੰ ਉਨ੍ਹਾਂ ਨੂੰ 21·2 ਫੀ ਸਦੀ ਲੋਕਾਂ ਤੋਂ ਸਮਰਥਨ ਹਾਸਲ ਹੋ ਰਿਹਾ ਸੀ।
ਨੈਨੋਜ਼ ਨੇ ਆਖਿਆ ਕਿ ਹਾਲ ਦੀ ਘੜੀ ਇਹ ਆਖਣਾ ਕਾਫੀ ਜਲਦਬਾਜ਼ੀ ਹੋਵੇਗੀ ਕਿ ਜਗਮੀਤ ਸਿੰਘ ਨੂੰ ਮਿਲ ਰਹੇ ਇਸ ਸਮਰਥਨ ਨਾਲ ਫਾਈਨਲ ਨਤੀਜਿਆਂ ਉੱਤੇ ਕਿਹੋ ਜਿਹਾ ਅਸਰ ਪਵੇਗਾ? ਪਰ ਉਨ੍ਹਾਂ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੇ ਨਤੀਜਿਆਂ ਨਾਲ ਅਕਸਰ ਪਾਰਟੀ ਦੇ ਸਮੁੱਚੇ ਸਮਰਥਨ ਦੀ ਹੀ ਝਲਕ ਮਿਲਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫਰਜ਼ ਕਰ ਲਓ ਇੱਕ ਦਿਨ ਜਿਹੜੇ ਲੋਕ ਐਨਡੀਪੀ ਦਾ ਸਮਰਥਨ ਕਰ ਰਹੇ ਹਨ ਉਹ ਅਗਲੇ ਦਿਨ ਕਿਸੇ ਹਰ ਪਾਰਟੀ ਦਾ ਸਮਰਥਨ ਕਰਨ ਲੱਗ ਜਾਣਗੇ।
ਇਸ ਲਈ ਆਪਣੀ ਘੱਟ ਰਹੀ ਹਰਮਨਪਿਆਰਤਾ ਲਈ ਜਗਮੀਤ ਸਿੰਘ ਨੂੰ ਥੋੜ੍ਹਾ ਚਿੰਤਤ ਵੀ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਇਸ ਹਫਤੇ ਦੇ ਅੰਤ ਤੱਕ ਉਨ੍ਹਾਂ ਦਾ ਸਮਰਥਨ ਹੋਰ ਘੱਟ ਜਾਵੇ।