‘ਘੋਲ ਨੇ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਾਈ’

ਨਵੀਂ ਦਿੱਲੀ, 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਬੀਬੀਆਂ ਜਸਵੰਤ ਕੌਰ ਸੇਖਾ ਅਤੇ ਗੁਰਜੀਤ ਕੌਰ ਭੱਠਲ ਨੇ ਕਿਹਾ ਕਿ ਕਿਸਾਨੀ ਘੋਲ ਨੇ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ,‘‘ਜਿਹੜੀਆਂ ਪਾਰਟੀਆਂ ਪਿਛਲੇ 73 ਸਾਲਾਂ ਤੋਂ ਵੋਟਾਂ ਵੇਲੇ ਵਿਕਾਸ ਦੇ ਵਾਅਦੇ ਕਰਦੀਆਂ ਸਨ ਪਰ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਘੋਲ ਦੀ ਸਿਰਫ਼ ਵੋਟਾਂ ਹਾਸਲ ਕਰਨ ਲਈ ਬਿਆਨਬਾਜ਼ੀ ਰਾਹੀਂ ਹਮਾਇਤ ਕੀਤੀ ਅਤੇ ਕਿਸੇ ਵੀ ਪਾਰਟੀ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਤੇ ਵੀ ਪੱਕਾ ਮੋਰਚਾ ਨਹੀਂ ਲਾਇਆ।’’ ਰਾਜ ਕੌਰ ਕੋਟਦੁੰਨਾ ਅਤੇ ਅਮਰਜੀਤ ਕੌਰ ਬਡਬਰ ਨੇ ਕਰਨਾਲ ਵਿਚ ਹਰਿਆਣਾ ਦੀ ਖੱਟਰ ਹਕੂਮਤ ਦੇ ਇਸ਼ਾਰੇ ’ਤੇ ਕਿਸਾਨਾਂ ਦੇ ਸਿਰ ਭੰਨਣ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਨੂੰ ਲਾਹਨਤਾਂ ਪਾਈਆਂ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀ ਕਰਨਾਲ ’ਚ ਜਿੱਤ ਅਹਿਮ ਪ੍ਰਾਪਤੀ ਹੈ ਅਤੇ ਹਰਿਆਣੇ ਦੇ ਲੋਕ ਵੀ ਹੁਣ ਜਥੇਬੰਦ ਹੋ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਸ਼ਾਂਤਮਈ ਰਹਿ ਕੇ ਸ਼ੰਘਰਸ ਕਰਨਾ ਅਤੇ ਜਿੱਤਣਾ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟ ਬਟੋਰੂ ਪਾਰਟੀਆਂ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਪੜ੍ਹੇ-ਲਿਖੇ ਨੌਜਵਾਨ ਪੱਕਾ ਰੁਜ਼ਗਾਰ ਨਾ ਮਿਲਣ ਕਰਕੇ ਖੇਤਾਂ ਵਿੱਚ ਜੀਰੀ ਲਾ ਰਹੇ ਹਨ। ਇਸ ਦੌਰਾਨ ਸੰਦੀਪ ਕੌਰ ਪੱਤੀ ਸੇਖਵਾਂ, ਬਲਵੰਤ ਕੌਰ ਭੋਤਨਾ, ਲਖਬੀਰ ਕੌਰ ਧਨੌਲਾ ਤੇ ਬਿੰਦਰਪਾਲ ਕੌਰ ਭਦੌੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਆਸੀ ਪਾਰਟੀਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਇਸ ਮੌਕੇ ਚਰਨਜੀਤ ਕੌਰ ਭਦੌੜ, ਹਰਜਿੰਦਰ ਕੌਰ ਫਾਜ਼ਿਲਕਾ, ਕੁਲਵੰਤ ਕੌਰ ਧਨਾਡਾ, ਹਰਬੰਸ ਕੌਰ ਭੋਤਨਾ, ਤਾਜ਼ਾ ਬੇਗਮ ਕੋਟਦੁੱਨਾ ਅਤੇ ਗੁਰਮੀਤ ਕੌਰ ਡਸਕਾ ਨੇ ਵੀ ਸੰਬੋਧਨ ਕੀਤਾ।