ਕੌਮਾਂਤਰੀ ਭਾਈਚਾਰੇ ਨੇ ਅਫ਼ਗਾਨਿਸਤਾਨ ਦੇ ਮਨੁੱਖੀ ਸੰਕਟ ਨਾਲ ਨਜਿੱਠਣ ਲਈ 1.2 ਅਰਬ ਡਾਲਰ ਤੋਂ ਵੱਧ ਦੀ ਮਦਦ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਤਾਲਿਬਾਨ ਨਾਲ ਰਾਬਤੇ ਨੂੰ ਮਹੱਤਵਪੂਰਨ ਦੱਸਿਆ ਸੀ ਤਾਂ ਕਿ ਅਫ਼ਗਾਨਾਂ ਦੀ ਮਦਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਅਤਿਵਾਦ, ਮਨੁੱਖੀ ਹੱਕਾਂ ਤੇ ਸਰਕਾਰ ਦੀ ਬਣਤਰ ਜਿਹੇ ਮੁੱਦਿਆਂ ਨੂੰ ਵੀ ਉਭਾਰਿਆ ਸੀ ਤੇ ਫ਼ਿਕਰ ਜ਼ਾਹਿਰ ਕੀਤਾ ਸੀ। ਜਨੇਵਾ ਵਿਚ ਸੰਯੁਕਤ ਰਾਸ਼ਟਰ ਨੇ ਅਫ਼ਗਾਨ ਸੰਕਟ ਉਤੇ ਸੋਮਵਾਰ ਉੱਚ ਪੱਧਰੀ ਬੈਠਕ ਕੀਤੀ ਸੀ। ਇਸ ਵਿਚ ਵੱਖ-ਵੱਖ ਮੁਲਕਾਂ ਦੇ ਮੰਤਰੀਆਂ ਨੇ ਹਿੱਸਾ ਲਿਆ ਸੀ। ਇਸ ਮੌਕੇ ਮੁਲਕ ਦੀਆਂ ਹੰਗਾਮੀ ਲੋੜਾਂ ਤੇ ਤੁਰੰਤ ਮਦਦ ਭੇਜਣ ਦੇ ਮੁੱਦਿਆਂ ਉਤੇ ਵਿਚਾਰ-ਚਰਚਾ ਹੋਈ ਸੀ। ਸੰਯੁਕਤ ਰਾਸ਼ਟਰ ਤੇ ਗ਼ੈਰ ਸਰਕਾਰੀ ਏਜੰਸੀਆਂ ਨੇ ਤੁਰੰਤ 60 ਕਰੋੜ ਡਾਲਰ ਤੋਂ ਵੱਧ ਦੀ ਮਦਦ ਅਫ਼ਗਾਨਿਸਤਾਨ ਲਈ ਮੰਗੀ ਸੀ। ਬੈਠਕ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਰਾਹਤ ਬਾਰੇ ਕੋਆਰਡੀਨੇਟਰ ਮਾਰਟਿਨ ਗ੍ਰਿਫਿਥ ਨੇ ਦੱਸਿਆ ਕਿ ‘ਮੈਂਬਰ ਮੁਲਕਾਂ ਨੇ ਖੁੱਲ੍ਹੇ ਦਿਲ’ ਨਾਲ 1.2 ਅਰਬ ਡਾਲਰ ਤੋਂ ਵੱਧ ਦੀ ਮਦਦ ਦੇਣ ਦਾ ਅਹਿਦ ਕੀਤਾ ਹੈ। ਗੁਟੇਰੇਜ਼ ਨੇ ਕਿਹਾ ਕਿ ਇਸ ਬੈਠਕ ਦਾ ਮੰਤਵ ਪੂਰਾ ਹੋਇਆ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਮੌਜੂਦਾ ਅਥਾਰਿਟੀ (ਤਾਲਿਬਾਨ) ਨਾਲ ਤਾਲਮੇਲ ਤੋਂ ਬਗੈਰ ਉੱਥੇ ਮਦਦ ਜ਼ਮੀਨੀ ਪੱਧਰ ਤੱਕ ਪਹੁੰਚਾਉਣੀ ‘ਸੰਭਵ ਨਹੀਂ ਹੈ।’ ਇਸ ਲਈ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਤਾਲਿਬਾਨ ਨਾਲ ਲਗਾਤਾਰ ਰਾਬਤਾ ਰੱਖਣਾ ਜ਼ਰੂਰੀ ਹੈ।
ਅਫ਼ਗਾਨਿਸਤਾਨ ਲਈ ਇਕ ਅਰਬ ਡਾਲਰ ਤੋਂ ਵੱਧ ਦੀ ਮਦਦ ਐਲਾਨੀ
