ਦਮੱਸ਼ਕ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੀਰੀਆ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸੀਰਿਆਈ ਸਰਕਾਰ ਦੀ ਇੱਛਾ ਦੇ ਵਿਰੁੱਧ ਉੱਥੇ ਮੌਜੂਦ ਹਨ ਅਤੇ ਜੰਗ ਦੇ ਝੰਭੇ ਦੇਸ਼ ਦੇ ਏਕੀਕਰਨ ਨੂੰ ਰੋਕ ਰਹੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਕਰੈਮਲਿਨ ਨੇ ਦਿੱਤੀ। ਪੂਤਿਨ ਪੂਰਬੀ ਸੀਰੀਆ ਵਿੱਚ ਮੌਜੂਦ ਸੈਂਕੜੇ ਅਮਰੀਕੀ ਫੌਜੀਆਂ ਦੀ ਮੌਜੂਦਗੀ ਅਤੇ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਧੜੇ ਖ਼ਿਲਾਫ਼ ਕੁਰਦਾਂ ਦੀ ਅਗਵਾਈ ਕਰਨ ਵਾਲੇ ਲੜਾਕਿਆਂ ਨਾਲ ਕੰਮ ਕਰਨ ਦਾ ਜ਼ਿਕਰ ਕਰ ਰਹੇ ਸਨ। ਪੂਤਿਨ ਨੇ ਸੋਮਵਾਰ ਰਾਤ ਨੂੰ ਆਪਣੇ ਸੀਰਿਆਈ ਹਮਰੁਤਬਾ ਬਸ਼ਰ ਅਸਦ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੀਰੀਆ ਵਿੱਚ ਵਿਦੇਸ਼ੀਆਂ ਦੀ ਮੌਜੂਦਗੀ ਨਾਜਾਇਜ਼ ਹੈ ਕਿਉਂਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਜਾਂ ਸੀਰੀਆ ਦੀ ਸਰਕਾਰ ਤੋਂ ਉੱਥੇ ਰਹਿਣ ਲਈ ਕੋਈ ਮਨਜ਼ੂਰੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਰੂਸ ਸਤੰਬਰ ਵਿੱਚ ਸੀਰੀਆ ਦੇ ਦਸ ਸਾਲ ਲੰਬੇ ਸੰਘਰਸ਼ ਵਿੱਚ ਸ਼ਾਮਲ ਹੋਇਆ ਸੀ। ਉਦੋਂ ਸੀਰਿਆਈ ਫੌਜ ਪਤਨ ਦੇ ਨੇੜੇ ਪਹੁੰਚ ਗਈ ਪਰ ਰੂਸ ਦੇ ਦਖ਼ਲ ਤੋਂ ਅਸਦ ਦੀ ਸੈਨਾ ਮਜ਼ਬੂਤ ਹੋਈ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸੇ ’ਤੇ ਉਸ ਦਾ ਕਬਜ਼ਾ ਹੈ। ਸੀਰੀਆ ਵਿੱਚ ਸੈਂਕੜੇ ਰੂਸੀ ਫੌਜੀ ਤਾਇਨਾਤ ਹਨ।
ਦਮੱਸ਼ਕ ਦੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਮੀਟਿੰਗ ਦੌਰਾਨ ਪੂਤਿਨ ਤੇ ਅਸਦ ਨੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਤਾਲਮੇਲ ਅਤੇ ਸੀਰੀਆ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਹਿੱਸਿਆਂ ’ਤੇ ਕੰਟਰੋਲ ਹਾਸਲ ਕਰਨ ਲਈ ਅਪਰੇਸ਼ਨ ਜਾਰੀ ਰੱਖਣ ਬਾਰੇ ਵਿਚਾਰ ਚਰਚਾ ਕੀਤੀ। ਦੋਵਾਂ ਆਗੂਆਂ ਨੇ ਜੰਗ ਦੇ ਝੰਭੇ ਦੇਸ਼ ਵਿੱਚ ਸਿਆਸੀ ਅਮਲ ਬਾਰੇ ਵੀ ਗੱਲਬਾਤ ਕੀਤੀ।