ਲੰਡਨ, : ਵੈਸਟਰਨ ਯੂਨੀਵਰਸਿਟੀ ਵਿੱਚ ਜਿਨਸੀ ਹਮਲਿਆਂ ਤੇ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਲੰਡਨ ਪੁਲਿਸ ਨੇ ਖੁਲਾਸਾ ਕੀਤਾ ਕਿ ਵੱਖ ਵੱਖ ਮਾਮਲਿਆਂ ਵਿੱਚ ਬੀਤੇ ਸਮੇਂ ਦੌਰਾਨ 30 ਤੋਂ ਵੀ ਵੱਧ ਵਿਦਿਆਰਥੀ ਅਜਿਹੀ ਹਿੰਸਾ ਦਾ ਸਿ਼ਕਾਰ ਹੋਏ ਹੋ ਸਕਦੇ ਹਨ।
ਸੋਮਵਾਰ ਨੂੰ ਸਕੂਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਊਨ੍ਹਾਂ ਨੂੰ ਪਿਛਲੇ ਹਫਤੇ ਹੋਈ ਸੈਕਸੂਅਲ ਵਾਇਲੰਸ ਦੀਆਂ ਚਾਰ ਰਸਮੀ ਸਿ਼ਕਾਇਤਾਂ ਮਿਲੀਆਂ ਸਨ ਤੇ ਵੀਕੈਂਡ ਉੱਤੇ ਸੋਸ਼ਲ ਮੀਡੀਆ ਉੱਤੇ ਲਾਏ ਗਏ ਵਾਧੂ ਦੋਸ਼ਾਂ ਦੀ ਵੀ ਉਹ ਜਾਂਚ ਕਰ ਰਹੇ ਹਨ।ਯੂਨੀਵਰਸਿਟੀ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਇੱਕ 18 ਸਾਲਾ ਵਿਦਿਆਰਥੀ ਗੈਬਰੀਅਲ ਨੀਲ ਦੀ ਕੈਂਪਸ ਲਾਗੇ ਹੋਏ ਹਮਲੇ ਕਾਰਨ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਨੀਲ ਸ਼ਨਿੱਚਰਵਾਰ ਸਵੇਰੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਇਸ ਸਬੰਧ ਵਿੱਚ 21 ਸਾਲਾ ਆਲੀਅਨ ਅਹਿਮਦ ਨੂੰ ਚਾਰਜ ਕੀਤਾ ਗਿਆ ਹੈ ਤੇ ਵੈਸਟਰਨ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜਿਸ ਸ਼ਖਸ ਨੂੰ ਚਾਰਜ ਕੀਤਾ ਗਿਆ ਹੈ ਊਹ ਸਾਡਾ ਵਿਦਿਆਰਥੀ ਵੀ ਨਹੀਂ ਹੈ।ਇਸ ਤੋਂ ਬਾਅਦ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਇਹ ਵੀ ਆਖਿਆ ਕਿ ਸੋਸ਼ਲ ਮੀਡੀਆ ਉੱਤੇ ਜਿਨਸੀ ਹਮਲਿਆਂ ਦੀ ਜਿਹੜੀ ਜਾਣਕਾਰੀ ਸਰਕੂਲੇਟ ਹੋ ਰਹੀ ਹੈ ਉਸ ਤੋਂ ਉਹ ਜਾਣੂ ਹਨ।ਵੀਕੈਂਡ ਉੱਤੇ ਅਜਿਹੇ ਹਮਲੇ ਮੈਡਵੇਅ ਸਿਡਨ੍ਹੈਮ ਹਾਲ ਉੱਤੇ ਹੋਏ ਦੱਸੇ ਜਾਂਦੇ ਹਨ।
ਜਾਂਚਕਾਰਾਂ ਨੇ ਆਖਿਆ ਕਿ ਵੀਕੈਂਡ ਉੱਤੇ ਜਾਂ ਪਿਛਲੇ ਦਿਨਾਂ ਵਿੱਚ ਸਿਡਨ੍ਹੈਮ ਵਿੱਚ ਹੋਏ ਜਿਨਸੀ ਹਮਲਿਆਂ ਜਾਂ ਨਸਿ਼ਆਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਇਸ ਬਾਰੇ ਪੁਲਿਸ ਨੂੰ ਕੋਈ ਰਿਪੋਰਟ ਵੀ ਨਹੀਂ ਲਿਖਵਾਈ ਗਈ।ਇੱਕ ਰਲੀਜ਼ ਵਿੱਚ ਲੰਡਨ ਪੁਲਿਸ ਦੇ ਬੁਲਾਰੇ ਨੇ ਆਖਿਆ ਕਿ ਦੋਸ਼ਾਂ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਵੈਸਟਰਨ ਯੂਨੀਵਰਸਿਟੀ ਨਾਲ ਰਲ ਕੇ ਇਸ ਤਰ੍ਹਾਂ ਦੇ ਮਾਮਲਿਆਂ ਦਾ ਸਿ਼ਕਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਵੈਸਟਰਨ ਯੂਨੀਵਰਸਿਟੀ ਵਿੱਚ 30 ਤੋਂ ਵੱਧ ਵਿਦਿਆਰਥੀ ਹੋਏ ਹੋ ਸਕਦੇ ਹਨ ਸੈਕਸੂਅਲ ਹਮਲੇ ਦਾ ਸਿ਼ਕਾਰ : ਪੁਲਿਸ
