ਭੈਣ ਦਾ ਕਤਲ ਕਰਨ ਵਾਲੇ ਭਰਾ ਦੀ ਭਾਲ ਕਰ ਰਹੀ ਹੈ ਪੁਲਿਸ

ਟੋਰਾਂਟੋ,  : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਇਟੋਬੀਕੋ ਦੇ ਘਰ ਵਿੱਚ ਮ੍ਰਿਤਕ ਪਾਈ ਗਈ ਮਹਿਲਾ ਦਾ ਕਤਲ ਹੋਇਆ ਸੀ ਤੇ ਇਸ ਸਬੰਧ ਵਿੱਚ ਉਸ ਦੇ ਭਰਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਮੰਗਲਵਾਰ ਸ਼ਾਮ ਨੂੰ ਪੁਲਿਸ ਨੇ ਦੱਸਿਆ ਕਿ 7 ਸਤੰਬਰ ਨੂੰ ਮੈਡੀਕਲ ਸਿ਼ਕਾਇਤ ਮਿਲਣ ਉੱਤੇ ਪੁਲਿਸ ਅਧਿਕਾਰੀ ਕੁਈਨਜ਼ਵੇਅ ਤੇ ਇਸਲਿੰਗਟਨ ਐਵਨਿਊ ਨੇੜੇ 18 ਸਟੈਨਮਿੱਲਜ਼ ਰੋਡ ਉੱਤੇ ਪਹੁੰਚੇ।ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਇੱਕ ਮਹਿਲਾ ਪੌੜੀਆਂ ਦੇ ਅਖੀਰ ਵਿੱਚ ਬਿਨਾਂ ਸਾਹ ਸਤ ਪਈ ਹੈ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਹਿਲਾ ਦੀ ਪਛਾਣ ਟੋਰਾਂਟੋ ਵਾਸੀ 60 ਸਾਲਾ ਰੋਜ਼ ਡੀ ਪਿੰਟੋ ਵਜੋਂ ਕੀਤੀ ਹੈ।
8 ਸਤੰਬਰ ਨੂੰ ਕੀਤੇ ਗਏ ਪੋਸਟ ਮਾਰਟਮ ਤੋਂ ਬਾਅਦ ਜਾਂਚ ਦਾ ਕੰਮ ਹੋਮੀਸਾਈਡ ਯੂਨਿਟ ਨੇ ਆਪਣੇ ਹੱਥੀਂ ਲੈ ਲਿਆ ਤੇ 55 ਸਾਲਾ ਟੋਰਾਂਟੋ ਵਾਸੀ ਜੌਹਨ ਡੀ ਪਿੰਟੋ ਨੂੰ ਮਸ਼ਕੂਕ ਮੰਨਿਆ ਗਿਆ।ਉਸ ਦੀ ਭਾਲ ਸੈਕਿੰਡ ਡਿਗਰੀ ਮਰਡਰ ਲਈ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਆਖਿਆ ਕਿ ਉਸ ਦੇ ਥਹੁ ਟਿਕਾਣੇ ਦੀ ਉਹ ਭਾਲ ਕਰ ਰਹੀ ਹੈ।