ਓਨਟਾਰੀਓ ਦੇ ਸਕੂਲਾਂ ਵਿੱਚ ਕੋਵਿਡ-19 ਦੇ ਪਾਏ ਗਏ 286 ਐਕਟਿਵ ਮਾਮਲੇ

ਓਨਟਾਰੀਓ : ਮੰਗਲਵਾਰ ਨੂੰ ਓਨਟਾਰੀਓ ਦੇ ਜਨਤਕ ਤੌਰ ਉੱਤੇ ਫੰਡ ਹਾਸਲ ਕਰਨ ਵਾਲੇ ਸਕੂਲ ਬੋਰਡਜ਼ ਨੇ ਕੋਵਿਡ-19 ਦੇ 286 ਐਕਟਿਵ ਮਾਮਲੇ ਰਿਪੋਰਟ ਕੀਤੇ। ਇੱਕ ਦਿਨ ਪਹਿਲਾਂ ਨਾਲੋਂ ਇਹ 100 ਵੱਧ ਹਨ।ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਦਰਜਨ ਵਿਦਿਆਰਥੀ ਸਮੂਹਾਂ ਨੂੰ ਘਰਾਂ ਵਿੱਚ ਹੀ ਸੈਲਫ ਆਈਸੋਲੇਟ ਕਰਨ ਲਈ ਆਖ ਦਿੱਤਾ ਗਿਆ ਹੈ।
ਗ੍ਰੇਟਰ ਟੋਰਾਂਟੋ ਐਂਡ ਹੈਮਿਲਟਨ ਏਰੀਆ (ਜੀਟੀਐਚਏ) ਦੇ ਸਕੂਲ ਬੋਰਡਜ਼ ਵੱਲੋਂ ਕੋਵਿਡ-19 ਦੇ 109 ਐਕਟਿਵ ਮਾਮਲੇ ਰਿਪੋਰਟ ਕੀਤੇ ਗਏ। ਇਸ ਤੋਂ ਇੱਕ ਦਿਨ ਪਹਿਲਾਂ ਇਹ ਮਾਮਲੇ 74 ਹੀ ਸਨ।ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੂੰ 24 ਵੱਖ ਵੱਖ ਸਕੂਲਾਂ ਤੋਂ 25 ਮਾਮਲੇ ਰਿਪੋਰਟ ਕੀਤੇ ਗਏ। ਇਸ ਤੋਂ ਬਾਅਦ ਸੱਭ ਤੋਂ ਵੱਧ ਮਾਮਲੇ ਪੀਲ ਵਿੱਚ ਪਾਏ ਗਏ। ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਵਿਡ-19 ਦੇ 16 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਹੈਮਿਲਟਨ ਵਿੱਚ ਕੈਥੋਲਿਕ ਸਕੂਲ ਬੋਰਡ ਨੇ 11 ਮਾਮਲੇ ਰਿਪੋਰਟ ਕੀਤੇ।ਉਨ੍ਹਾਂ ਨੂੰ 13 ਕਲਾਸਾਂ ਰੱਦ ਕਰਕੇ ਉਨ੍ਹਾਂ ਨੂੰ ਸੈਲਫ ਆਈਸੋਲੇਟ ਕਰਨ ਲਈ ਘਰ ਭੇਜਣਾ ਪਿਆ।
ਬਾਕੀ ਸਮੁੱਚੇ ਓਨਟਾਰੀਓ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਸੋਮਵਾਰ ਤੇ ਮੰਗਲਵਾਰ ਦਰਮਿਆਨ 115 ਤੋਂ 177 ਦਰਮਿਆਨ ਵੱਧ ਗਈ। ਵਿਦਿਆਰਥੀਆਂ ਵਿੱਚ ਕੋਵਿਡ-19 ਦੇ ਇਸ ਤਰ੍ਹਾਂ ਹੋ ਰਹੇ ਪਸਾਰ ਦਾ ਅਸਰ ਫਰੈਂਚ ਭਾਸ਼ਾ ਦੇ ਸਕੂਲ ਬੋਰਡਜ਼ ਉੱਤੇ ਵੀ ਬਹੁਤ ਹੱਦ ਤੱਕ ਹੋਣ ਦੀ ਸੰਭਾਵਨਾ ਹੈ।ਇਨ੍ਹਾਂ ਵੱਲੋਂ ਇਸ ਸਾਲ ਦੇ ਸੁ਼ਰੂ ਵਿੱਚ ਹੀ ਇੰਗਲਿਸ਼ ਬੋਰਡਜ਼ ਨਾਲੋਂ ਵੀ ਜਲਦੀ ਆਪਣੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ।
ਓਟਵਾ ਤੇ ਪੂਰਬੀ ਓਨਟਾਰੀਓ ਵਿੱਚ ਲੋਕਲ ਫਰੈਂਚ ਕੈਥੋਲਿਕ ਬੋਰਡ ਵੱਲੋਂ ਕੋਵਿਡ-19 ਦੇ 24 ਐਕਟਿਵ ਮਾਮਲੇ ਦਰਜ ਕਰਵਾਏ ਗਏ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ 33 ਕਲਾਸਾਂ ਰੱਦ ਕਰਨੀਆਂ ਪਈਆਂ। ਸਕੂਲਾਂ ਵਿੱਚ ਇਨਫੈਕਸ਼ਨ ਦੇ ਪਸਾਰ ਨੂੰ ਰੋਕਣ ਲਈ ਹੋਰ ਸਕੂਲ ਬੋਰਡਜ਼ ਤੇਜ਼ੀ ਨਾਲ ਕਲਾਸਾਂ ਰੱਦ ਕਰ ਰਹੇ ਹਨ। ਵਿੰਡਸਰ ਐਸੈਕਸ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਵਿਦਿਆਰਥੀਆਂ ਤੇ ਸਟਾਫ ਵਿੱਚ 13 ਐਕਟਿਵ ਕੇਸ ਪਾਏ ਗਏ ਤੇ ਇਸ ਕਾਰਨ 16 ਕਲਾਸਾਂ ਰੱਦ ਕਰਨੀਆਂ ਪਈਆਂ।
ਗੁਐਲਫ ਤੇ ਵੈਲਿੰਗਟਨ ਕਾਊਂਟੀ ਨੂੰ ਕਵਰ ਕਰਨ ਵਾਲੇ ਅੱਪਰ ਗ੍ਰੈਂਡ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਸਾਹਮਣੇ ਆਏ 14 ਮਾਮਲਿਆਂ ਤੋਂ ਬਾਅਦ 11 ਕਲਾਸਾਂ ਨੂੰ ਸੈਲਫ ਆਈਸੋਲੇਸ਼ਨ ਲਈ ਭੇਜਣਾ ਪਿਆ।