ਕਿਸਾਨਾਂ ਨਾਲ ਹਿੰਸਕ ਤਰੀਕੇ ਅਪਣਾਉਣਾ ਜਾਇਜ਼ ਨਹੀਂ: ਰਾਜ ਬੱਬਰ

ਅੰਮ੍ਰਿਤਸਰ,

ਉੱਘੇ ਕਲਾਕਾਰ ਅਤੇ ਕਾਂਗਰਸੀ ਆਗੂ ਰਾਜ ਬੱਬਰ ਨੇ ਅੱਜ ਇੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਉਹ ਗ਼ਲਤ ਨਹੀਂ ਹੋ ਸਕਦੇ। ਉਹ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਉਨ੍ਹਾਂ ਨਾਲ ਫਿਲਮ ਨਿਰਮਾਤਾ ਕੇਸੀ ਬੋਕਾਡੀਆ ਵੀ ਸਨ।

ਇਸ ਮੌਕੇ ਉਨ੍ਹਾਂ ਕੋਈ ਵੀ ਸਿਆਸੀ ਗੱਲਬਾਤ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਹ ਅੱਜ ਸਿਆਸਤਦਾਨ ਵਜੋਂ ਨਹੀਂ ਬਲਕਿ ਨਿੱਜੀ ਤੌਰ ’ਤੇ ਮੱਥਾ ਟੇਕਣ ਲਈ ਆਏ ਹਨ। ਉਨ੍ਹਾਂ ਮੌਜੂਦਾ ਸਿਆਸਤ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਸੰਕੋਚ ਕੀਤਾ। ਕਿਸਾਨ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹਨ। ਜੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਸਾਰੇ ਕਿਸਾਨ ਕਿਵੇਂ ਗ਼ਲਤ ਹੋ ਸਕਦੇ ਹਨ। ਸਰਕਾਰ ਨੂੰ ਕਿਸਾਨਾਂ ਦੇ ਨਜ਼ਰੀਏ ਤੋਂ ਵੀ ਗੱਲ ਨੂੰ ਸਮਝਣਾ ਚਾਹੀਦਾ ਹੈ। ਹਰਿਆਣਾ ’ਚ ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਜੋ ਕੁਝ ਵੀ ਕਿਸਾਨਾਂ ਨਾਲ ਵਾਪਰਿਆ, ਉਹ ਠੀਕ ਨਹੀਂ ਸੀ। ਕਿਸਾਨਾਂ ਨਾਲ ਹਿੰਸਕ ਢੰਗ ਨਾਲ ਪੇਸ਼ ਆਉਣਾ ਜਾਇਜ਼ ਨਹੀਂ ਹੈ।

ਇਸ ਮੌਕੇ ਸ੍ਰੀ ਬੱਬਰ ਨੇ ਆਖਿਆ ਕਿ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਜਾਂਦੇ ਹਨ। ਇਹ ਸ਼ਹਿਰ ਉਨ੍ਹਾਂ ਦਾ ਆਪਣਾ ਘਰ ਵਰਗਾ ਹੈ। ਉਨ੍ਹਾਂ ਇੱਥੇ ਆਪਣਾ ਬਚਪਨ ਬਿਤਾਇਆ ਹੈ।

ਇਸ ਮੌਕੇ ਉਨ੍ਹਾਂ ਆਪਣੀ ਨਵੀਂ ਆ ਰਹੀ ਫਿਲਮ ‘ਭੂਤ ਅੰਕਲ ਤੁਸੀਂ ਗਰੇਟ ਹੋ’ ਬਾਰੇ ਵੀ ਜਾਣਕਾਰੀ ਦਿੱਤੀ।