ਸਾਰੇ ਐਜੂਕੇਸ਼ਨ ਸਟਾਫ ਲਈ ਟੀਡੀਐਸਬੀ ਨੇ ਐਲਾਨੀ ਲਾਜ਼ਮੀ ਵੈਕਸੀਨ ਪਾਲਿਸੀ

ਟੋਰਾਂਟੋ,  : ਐਜੂਕੇਸ਼ਨ ਵਰਕਰਜ਼, ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਟੋਰਾਂਟੋ ਡਿਸਟ੍ਰਿਕਟ ਸਕੂਲ ਬਰਡ ਨੇ ਸਾਰੇ ਸਟਾਫ ਲਈ ਵੈਕਸੀਨ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਇੱਕ ਰਲੀਜ਼ ਵਿੱਚ ਟੀਡੀਐਸਬੀ ਨੇ ਆਖਿਆ ਕਿ ਸਾਰੇ ਇੰਪਲੌਈਜ਼, ਟਰੱਸਟੀਜ਼ ਤੇ ਜਿਨ੍ਹਾਂ ਦਾ ਸਟਾਫ ਤੇ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਹੈ, ਉਨ੍ਹਾਂ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੂੰ ਇਸ ਸਾਲ ਦੀ ਪਹਿਲੀ ਨਵੰਬਰ ਤੱਕ ਹਰ ਹਾਲ ਕੋਵਿਡ-19 ਖਿਲਾਫ ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ।ਹਿਊਮਨ ਰਾਈਟਸ ਕੋਡ ਤਹਿਤ ਛੋਟ ਲੈਣ ਵਾਲਿਆਂ ਨੂੰ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ।
ਇਹ ਵੀ ਆਖਿਆ ਗਿਆ ਕਿ ਜਿਹੜੇ ਵਿਅਕਤੀ ਵੈਕਸੀਨ ਦੀ ਇਸ ਸ਼ਰਤ ਨੂੰ ਪੂਰਾ ਨਹੀਂ਼ ਕਰਨਗੇ ਉਨ੍ਹਾਂ ਖਿਲਾਫ ਸਖ਼ਤ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਵੀ ਜਾ ਸਕਦਾ ਹੈ।ਇਸ ਦੌਰਾਨ ਇਹ ਵੀ ਆਖਿਆ ਗਿਆ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੈ ਤੇ ਜਾਂ ਜਿਹੜੇ ਆਪਣੀ ਵੈਕਸੀਨੇਸ਼ਨ ਦਾ ਸਟੇਟਸ ਸਾਂਝਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਟੈਸਟਿੰਗ ਕਰਵਾਉਣੀ ਹੋਵੇਗੀ ਤੇ ਹਫਤੇ ਦੇ ਦੋ ਦਿਨ ਨੈਗੇਟਿਵ ਰਿਜ਼ਲਟ ਵਿਖਾਉਣੇ ਹੋਣਗੇ।
ਮੰਗਲਵਾਰ ਨੂੰ ਟੋਰਾਂਟੋ ਪਬਲਿਕ ਹੈਲਥ ਨੇ ਆਖਿਆ ਸੀ ਕਿ ਉਹ ਦੋ ਦਰਜਨ ਸਕੂਲਾਂ ਉੱਤੇ ਕਾਂਟੈਕਟ ਟਰੇਸਿੰਗ ਤੇ ਜਾਂਚ ਕਰਵਾ ਰਹੀ ਹੈ।