ਟੋਰਾਂਟੋ/ਜੀਟੀਏ ਸਕੂਲ ਵਿੱਚ ਬੰਬ ਹੋਣ ਦੀ ਮਿਲੀ ਧਮਕੀ, ਪੁਲਿਸ ਕਰ ਰਹੀ ਹੈ ਜਾਂਚ

ਨੌਰਥ ਯੌਰਕ : ਨੌਰਥ ਯੌਰਕ ਵਿੱਚ ਅਰਲ ਹੇਗ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਨਾਲ ਦੇ ਸਕੂਲਾਂ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਗਈ।
ਪੁਲਿਸ ਨੇ ਆਖਿਆ ਕਿ ਇਹ ਧਮਕੀ ਸਕੂਲ ਨੂੰ ਬੁੱਧਵਾਰ ਨੂੰ ਸਵੇਰੇ 10:30 ਵਜੇ ਮਿਲੀ ਤੇ ਉਨ੍ਹਾਂ ਆਖਿਆ ਕਿ ਇਸ ਦੌਰਾਨ ਪਬਲਿਕ ਸੇਫਟੀ ਨੂੰ ਕੋਈ ਖਤਰਾ ਨਹੀਂ ਦੱਸਿਆ ਗਿਆ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦੇ ਬੁਲਾਰੇ ਰਾਇਨ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਸਕੂਲ ਨੂੰ ਫੋਨ ਕਾਲ ਰਾਹੀਂ ਸਕੂਲ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਤੁਰੰਤ ਹੀ ਟੋਰਾਂਟੋ ਪੁਲਿਸ ਸਰਵਿਸਿਜ਼ ਨਾਲ ਸੰਪਰਕ ਕੀਤਾ ਗਿਆ ਤੇ ਇਸ ਸਮੇਂ ਸਾਰੇ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਆਖਿਆ ਗਿਆ ਕਿ ਇਸ ਤਰ੍ਹਾਂ ਦੀ ਧਮਕੀ ਉੱਤੇ ਭਾਵੇਂ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਸਟਾਫ ਤੇ ਵਿਦਿਆਰਥੀਆਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਅਸੀਂ ਉਨ੍ਹਾਂ ਨੂੰ ਗੁਆਂਢੀ ਸਕੂਲਾਂ ਵਿੱਚ ਭੇਜ ਦਿੱਤਾ ਹੈ ਜਦਕਿ ਜਾਂਚ ਜਾਰੀ ਹੈ। ਬੋਰਡ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਬਾਕੀ ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਪੁਲਿਸ ਨੂੰ ਸਕੂਲ ਦੀ ਇਮਾਰਤ ਦੀ ਸਰਚ ਕਰਨ ਵਿੱਚ ਕਾਫੀ ਸਮਾਂ ਲੱਗਣ ਵਾਲਾ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੀ ਸੱਟਫੇਟ ਨਹੀਂ ਲੱਗੀ ਹੈ।