ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ

ਟੋਰਾਂਟੋ : ਇੱਕ 63 ਸਾਲਾ ਵਿਅਕਤੀ ਨੂੰ ਵੀਰਵਾਰ ਸਵੇਰੇ ਹੈਮਿਲਟਨ ਸਥਿਤ ਉਸ ਦੇ ਘਰ ਵਿੱਚ ਹੀ ਦਾਖਲ ਹੋ ਕੇ ਕੁੱਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ, ਬਾਅਦ ਵਿੱਚ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੋਕੇਟ ਕਰ ਲਿਆ ਗਿਆ। ਇਸ ਸਮੇਂ ਉਹ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਜ਼ੇਰੇ ਇਲਾਜ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਫਕੀਰ ਅਲੀ ਨਾਂ ਦੇ ਇਸ ਵਿਅਕਤੀ ਨੂੰ ਸਵੇਰੇ 9:00 ਵਜੇ ਬੀਚ ਬੋਲੀਵੀਆਰਡ ਨੇੜੇ ਤੇ ਕਿਊਈਏ ਨੇੜੇ ਲੋਕੇਟ ਕੀਤਾ ਗਿਆ। ਮਾਊਂਟ ਹੋਪ ਦੇ ਨੇੜੇ ਸਥਿਤ ਉਸ ਦੇ ਘਰ ਵਿੱਚੋਂ ਤਿੰਨ ਘੰਟੇ ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਸੀ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 3:00 ਵਜੇ ਗਲਾਂਕੈਸਟਰ ਤੇ ਡਿਕਨਸਨ ਇਲਾਕੇ ਵਿੱਚ ਇੱਕ ਘਰ ਵਿੱਚੋਂ ਅਗਵਾ ਕੀਤਾ ਗਿਆ। ਇੱਥੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਵੀ ਮਿਲੀਆਂ।
ਧੋ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਵੀ ਮਿਲੇ। ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਤੀਜੇ ਵਿਅਕਤੀ ਅਲੀ ਨੂੰ ਜ਼ਬਰਦਸਤੀ ਘਰ ਵਿੱਚੋਂ ਇੱਕ ਗੂੜ੍ਹੇ ਰੰਗ ਦੀ ਐਸਯੂਵੀ ਵਿੱਚ ਲਿਜਾਇਆ ਗਿਆ। ਸਵੇਰੇ 9:30 ਵਜੇ ਪੁਲਿਸ ਨੇ ਇੱਕ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਹੈ ਤੇ ਉਹ ਉਸ ਦੀ ਸ਼ਨਾਖ਼ਤ ਕਰਨ ਲਈ ਕੰਮ ਕਰ ਰਹੇ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਅਲੀ ਉਨ੍ਹਾਂ ਦੋ ਲੜਕਿਆਂ ਦਾ ਪਿਤਾ ਸੀ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਇਹ ਤਿੰਨੇ ਪਿਓ ਪੁੱਤ ਇੱਕ ਘਰ ਵਿੱਚ ਰਹਿੰਦੇ ਸਨ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਇਨ੍ਹਾਂ ਤਿੰਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।