ਚੰਡੀਗੜ੍ਹ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡੀ.ਐੱਸ.ਡਬਲਿਊ (ਵਿਮੈਨ) ਉੱਤੇ ਅਹੁਦੇ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਦਿਆਂ ਆਪਣੇ ਪੁੱਤਰ ਨੂੰ ਪੀਯੂ ਦੇ ਯੂਬੀਐੱਸ ਵਿਭਾਗ ਵਿੱਚ ਦਾਖਲਾ ਦਿਵਾਉਣ ਦੇ ਦੋਸ਼ ਲਗਾਉਂਦਿਆਂ ਅੱਜ ਯੂਬੀਐੱਸ ਵਿਭਾਗ ਅੱਗੇ ਰੋਸ ਪ੍ਰਦਰਸ਼ਨ ਕੀਤਾ। ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਆਈਸਾ, ਯੂਥ ਫਾਰ ਸਵਰਾਜ, ਐੱਸ.ਐੱਫ.ਐੱਸ., ਐੱਸ.ਓ.ਆਈ., ਐੱਨ.ਐੱਸ.ਯੂ.ਆਈ., ਸੱਥ, ਪੀ.ਐੱਸ.ਯੂ. (ਲਲਕਾਰ), ਐੱਸ.ਐੱਫ.ਆਈ., ਆਈ.ਐੱਸ.ਏ. ਤੇ ਪੂਸੂ ਉੱਤੇ ਅਧਾਰਿਤ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਗੁਰਦੀਪ ਸਿੰਘ, ਸੰਦੀਪ, ਗਗਨ, ਅਮਨ ਆਦਿ ਨੇ ਕਿਹਾ ਕਿ ਜੇਕਰ ਅਧਿਕਾਰੀ ਨੇ ਆਪਣੇ ਪੁੱਤਰ ਨੂੰ ਵਿਭਾਗ ਵਿੱਚ ਦਾਖਲਾ ਦਿਵਾਉਣਾ ਸੀ ਤਾਂ ਉਸ ਨੂੰ ਬੋਰਡ ਆਫ਼ ਕੰਟਰੋਲ (ਬੀਓਸੀ) ਦੇ ਮੈਂਬਰ ਵਜੋਂ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ। ਵਿਦਿਆਰਥੀ ਜਥੇਬੰਦੀਆਂ ਨੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ ਪ੍ਰੋ. ਸਿਨਹਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।