ਟੋਰਾਂਟੋ : ਇੱਕ 41 ਸਾਲਾ ਟੋਰਾਂਟੋ ਦੇ ਟੀਚਰ ਨੂੰ ਜਿਨਸੀ ਹਮਲੇ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੇ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਮਲਾ 2014 ਨਾਲ ਜੁੜਿਆ ਹੋਇਆ ਹੈ।
ਪੁਲਿਸ ਨੇ ਦੋਸ਼ ਲਾਇਆ ਕਿ 2014 ਤੇ 2016 ਦਰਮਿਆਨ ਮਸ਼ਕੂਕ ਟੋਰਾਂਟੋ ਦੇ ਇੱਕ ਘਰ ਵਿੱਚ ਬੇਬੀਸਿਟਰ/ਕੇਅਰ ਗਿਵਰ ਵਜੋਂ ਕੰਮ ਕਰ ਰਿਹਾ ਸੀ, ਜਦੋਂ ਉਸ ਨੇ ਇੱਕ ਸੱਤ ਸਾਲਾ ਲੜਕੇ ਉੱਤੇ ਜਿਨਸੀ ਹਮਲਾ ਕੀਤਾ। ਅਗਸਤ 2021 ਵਿੱਚ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਨੇ ਮਾਮਲੇ ਦੀ ਜਾਂਚ ਕੀਤੀ ਤੇ 13 ਅਗਸਤ ਨੂੰ ਜਿਆਨੀ ਜਰਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਜਿਨਸੀ ਹਮਲੇ ਦੇ ਦੋ ਮਾਮਲਿਆਂ, ਦੋ ਮਾਮਲਿਆਂ ਵਿੱਚ ਜਿਨਸੀ ਦਖਲਅੰਦਾਜ਼ੀ ਤੇ ਸੈਕਸੂਅਲ ਟਚਿੰਗ ਦੇ ਦੋ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਇਸ ਸਮੇਂ ਜਰਮਨ ਈਸਟ ਯੌਰਕ ਵਿੱਚ ਸੈਕਰਡ ਐਲੀਮੈਂਟਰੀ ਸਕੂਲ ਵਿੱਚ ਤਾਇਨਾਤ ਹੈ। ਸਕੂਲ ਦੇ ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਘਰਾਂ ਵਿੱਚ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਰਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਲਾਏ ਗਏ ਚਾਰਜਿਜ਼ ਦਾ ਸਕੂਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਸਕੂਲ ਦਾ ਕੋਈ ਵਿਦਿਆਰਥੀ ਸਾਮਲੇ ਨਹੀਂ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਸਕੂਲ ਵਰ੍ਹੇ ਜਰਮਨ ਸਕੂਲ ਨਹੀਂ ਪਰਤ ਸਕੇਗਾ।ਇਸ ਤੋਂ ਪਹਿਲਾਂ ਜਰਮਨ ਨੂੰ ਸਤੰਬਰ 2016 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਇੱਕ ਡੇਅ ਕੇਅਰ ਉੱਤੇ ਨਿੱਕੇ ਲੜਕੇ ਉੱਤੇ ਜਿਨਸੀ ਹਮਲਾ ਕਰਨ ਲਈ ਇਸੇ ਵਿਅਕਤੀ ਖਿਲਾਫ ਜਾਂਚ ਕੀਤੀ ਗਈ ਸੀ। ਇਹ ਮਾਮਲਾ ਸਕਾਰਬੌਰੋ ਦੇ ਲਿਵਿੰਗਸਟੋਨ ਰੋਡ ਉੱਤੇ ਸਥਿਤ ਨੌਟ ਯੂਅਰ ਐਵਰੇਜ ਡੇਅਕੇਅਰ ਦਾ ਸੀ ਜਿੱਥੇ ਜਰਮਨ ਸੁਪਰਵਾਈਜ਼ਰ ਸੀ।
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
