ਅੰਮ੍ਰਿਤਸਰ
ਜਲਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਕੀਤੇ ਜਾਣ ਦੇ ਰੋਸ ਵਜੋਂ ਅਜ ਸ਼ਾਮ ਇਥੇ ਭੰਡਾਰੀ ਪੁਲ ’ਤੇ ਸਿਟੀਜਨ ਫੋਰਮ ਦੇ ਝੰਡੇ ਹੇਠ ਬੁੱਧੀਜੀਵੀਆਂ ,ਵਕੀਲ,ਡਾਕਟਰ ,ਔਰਤਾਂ,ਅਤੇ ਮਜਦੂਰ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਖਿਲਾਫ਼ ਹਾਲ ਗੇਟ ਤੱਕ ਰੋਸ ਮਾਰਚ ਵੀ ਕੀਤਾ।
ਸਿਟੀਜ਼ਨ ਫੋਰਮ ਅਮ੍ਰਿਤਸਰ ਵਲੋਂ ਇਸ ਮਾਮਲੇ ਵਿਚ ਰੋਸ ਮਾਰਚ ਕਰਨ ਤੋਂ ਪਹਿਲਾ ਇਥੇ ਇਕ ਰੈਲੀ ਕੀਤੀ ਗਈ ,ਜਿਸ ਵਿੱਚ ਲੋਕਾਂ ਨੂੰ ਜੱਲ੍ਹਿਆਂਵਾਲਾ ਬਾਗ ਦੀ ਸ਼ਹੀਦੀ ਵਿਰਾਸਤ ਅਤੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੇ ਜਾਣ ਬਾਰੇ ਜਾਣੂ ਕਰਵਾਇਆ ਗਿਆ । ਇਸ ਮੌਕੇ ਵਿਦਵਾਨਾਂ ਵਿੱਚ ਸ਼ਾਮਲ ਪ੍ਰੋ: ਪਰਮਿੰਦਰ ਸਿੰਘ, ਐਡਵੋਕੇਟ ਨਵਰੀਤ ਸਿੰਘ, ਐੱਸਐੱਸ ਸੋਹਲ, ਪ੍ਰੋ ਏਐੱਸ ਗਿੱਲ, ਅਮਰਜੀਤ ਕੌਰ, ਏਐੱਸ ਸੇਖੋਂ , ਸ਼ਰਨਜੀਤ ਸਿੰਘ ਢਿੱਲੋਂ , ਰੁਪਿੰਦਰ ਕੌਰ , ਤੇਜਬੀਰ ਸਿੰਘ ,ਕੰਵਲਜੀਤ ਕੌਰ ਧੰਨੋਵਾ, ਡਾਕਟਰ ਤ੍ਰਿਪਤਾ ਆਦਿ ਬੁੱਧੀਜੀਵੀਆਂ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪਿਛਲੇ ਦੋ ਦਹਾਕਿਆਂ ਦੌਰਾਨ ਜੱਲ੍ਹਿਆਂ ਵਾਲਾ ਬਾਗ਼ ਦੀ ਵਿਰਾਸਤ ਨੂੰ ਬਚਾਉਣ ਲਈ ਵੱਡੇ ਯਤਨ ਕੀਤੇ ਹਨ ਪਰ ਇਸਦੇ ਬਾਵਜੂਦ ਸਰਕਾਰ ਨੇ ਜੱਲ੍ਹਿਆਂਵਾਲਾ ਬਾਗ ਨੂੰ ਇੱਕ ਸ਼ਹੀਦੀ ਵਿਰਾਸਤ ਦੀ ਥਾਂ ’ਤੇ ਇੱਕ ਸੈਰਗਾਹ ਬਣਾ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਕਮੇਟੀ, ਉੱਘੇ ਇਤਿਹਾਸਕਾਰਾਂ ਦੀ ਰਾਏ ਨਾਲ ਇਸ ਇਤਿਹਾਸਕ ਸਥਾਨ ਦਾ ਮੁੜ ਸ਼ਹੀਦੀ ਸਰੂਪ ਬਹਾਲ ਕਰਨ ਦੀ ਮੰਗ ਕੀਤੀ।