ਕੈਂਪੇਨ ਦੇ ਆਖਰੀ ਪਲਾਂ ਵਿੱਚ ਵੀ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ ਪਾਰਟੀ ਆਗੂ

ਓਟਵਾ : ਫੈਡਰਲ ਇਲੈਕਸ਼ਨ ਕੈਂਪੇਨ ਐਤਵਾਰ ਨੂੰ ਆਪਣੇ ਆਖਰੀ ਘੰਟਿਆਂ ਵਿੱਚ ਪਹੁੰਚ ਗਈ। ਆਪੋ ਆਪਣੇ ਹਲਕਿਆਂ ਵਿੱਚ ਪਾਰਟੀ ਆਗੂ ਵੋਟਰਾਂ ਨੂੰ ਆਖਰੀ ਮਿੰਟ ਵਿੱਚ ਅਪੀਲ ਕਰਦੇ ਨਜ਼ਰ ਆਏ।
ਐਨਡੀਪੀ ਆਗੂ ਜਗਮੀਤ ਸਿੰਘ, ਜਿਨ੍ਹਾਂ ਨੂੰ ਵੈਨਕੂਵਰ ਰੀਜਨ ਵਿੱਚ ਸੱਤ ਹਲਕਿਆਂ ਵਿੱਚ ਸਫਲਤਾ ਮਿਲਣ ਦੀ ਆਸ ਹੈ ਅਤੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ, ਜੋ ਕੈਂਪੇਨ ਦੇ ਆਖਰੀ ਦਿਨ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ, ਦੋਵੇਂ ਚਾਹੁੰਦੇ ਹਨ ਕਿ ਇਹ ਵੋਟ ਉਨ੍ਹਾਂ ਦੇ ਮੁੱਖ ਵਿਰੋਧੀ ਲਿਬਰਲ ਆਗੂ ਜਸਟਿਨ ਟਰੂਡੋ ਖਿਲਾਫ ਵੋਟਰਾਂ ਦੀ ਰਾਇਸ਼ੁਮਾਰੀ ਹੋਵੇ।
ਦੂਜੇ ਪਾਸੇ ਸਸਕੈਚਵਨ ਨੂੰ ਛੱਡ ਕੇ ਹਰੇਕ ਪ੍ਰੋਵਿੰਸ ਦੇ ਇਨ ਪਰਸਨ ਤੇ ਵਰਚੂਅਲ ਈਵੈਂਟਸ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਟਰੂਡੋ ਚਾਹੁੰਦੇ ਹਨ ਕਿ ਵੋਟਰ ਕੋਵਿਡ-19 ਮਹਾਂਮਾਰੀ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢਣ ਵਾਲੇ ਸੱਭ ਤੋਂ ਭਰੋਸੇਮੰਦ ਆਗੂ ਵਜੋਂ ਉਨ੍ਹਾਂ ਨੂੰ ਵੋਟ ਕਰਨ। ਐਸੋਸਿਏਸ਼ਨ ਆਫ ਕੈਨੇਡੀਅਨ ਸਟੱਡੀਜ਼ ਦੇ ਪ੍ਰੈਜ਼ੀਡੈਂਟ ਜੈਕ ਜ਼ੈੱਡਵੈਬ ਨੇ ਆਖਿਆ ਕਿ ਜਿਸ ਤਰ੍ਹਾਂ ਟਰੂਡੋ ਨੂੰ ਉਮੀਦ ਹੈ ਇਹ ਚੋਣਾਂ ਉਸ ਤਰ੍ਹਾਂ ਮਹਾਂਮਾਰੀ ਦੀ ਪ੍ਰਤੀਕਿਰਿਆ ਵਜੋਂ ਨਤੀਜੇ ਨਹੀਂ ਦੇਣਗੀਆਂ।
ਇੱਕ ਇੰਟਰਵਿਊ ਵਿੱਚ ਜ਼ੈੱਡਵੈਬ ਨੇ ਆਖਿਆ ਕਿ ਲਿਬਰਲ ਜਨਤਾ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਮਹਾਂਮਾਰੀ ਨਾਲ ਜਿਸ ਤਰ੍ਹਾਂ ਨਜਿੱਠਿਆ ਗਿਆ ਹੈ ਕੀ ਉਹ ਉਸ ਤੋਂ ਖੁਸ਼ ਹਨ। ਪਰ ਅਜਿਹਾ ਕੁੱਝ ਹੋਣ ਨਹੀਂ ਵਾਲਾ।ਉਨ੍ਹਾਂ ਆਖਿਆ ਕਿ ਇਸ ਦੀ ਥਾਂ ਉੱਤੇ ਵੋਟਰ ਪੰਜ-ਛੇ ਮੁੱਦਿਆਂ ਜਿਵੇਂ ਕਿ ਚਾਈਲਡ ਕੇਅਰ, ਐਨਵਾਇਰਮੈਂਟ, ਅਫਗਾਨਿਸਤਾਨ ਤੇ ਗੰਨਜ਼ ਆਦਿ ਵਰਗੇ ਮੁੱਦਿਆਂ ਨੂੰ ਵੀ ਮਹਾਂਮਾਰੀ ਸਮੇਤ ਧਿਆਨ ਵਿੱਚ ਰੱਖ ਕੇ ਵੋਟ ਪਾਉਣਗੇ।
ਲੈਗਰ ਵੱਲੋਂ ਜ਼ੈੱਡਵੈਬ ਦੀ ਆਰਗੇਨਾਈਜੇ਼ਸ਼ਨ ਲਈ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਪਾਇਆ ਗਿਆ ਕਿ ਮਹਾਂਮਾਰੀ ਨੂੰ ਹੈਂਡਲ ਕਰਨ ਦੇ ਫੈਡਰਲ ਸਰਕਾਰ ਦੇ ਢੰਗ ਤੋਂ 60 ਫੀ ਸਦੀ ਲੋਕ ਸੰਤੁਸ਼ਟ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀ ਸਦੀ ਇਸ ਪਾਸੇ ਨੂੰ ਹੀ ਇੱਕਲਾ ਨਹੀਂ ਵਿਚਾਰਨਾ ਚਾਹੁੰਦੇ। ਸਰਵੇਖਣ ਵਿੱਚ ਪਾਇਆ ਗਿਆ ਕਿ ਐਟਲਾਂਟਿਕ ਕੈਨੇਡਾ, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਜਿਸ ਤਰ੍ਹਾਂ ਮਹਾਂਮਾਰੀ ਨਾਲ ਨਜਿੱਠਿਆ ਗਿਆ। ਪਰ ਓਨਟਾਰੀਓ ਤੇ ਪ੍ਰੇਰੀਜ਼ ਵਿੱਚ, ਜਿੱਥੇ ਕੰਜ਼ਰਵੇਟਿਵ ਸਰਕਾਰਾਂ ਹਨ, ਇਸ ਮਾਮਲੇ ਵਿੱਚ ਸਰਕਾਰਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਮੱਠਾ ਹੀ ਹੈ।
ਮਿਸਾਲ ਵਜੋਂ ਅਲਬਰਟਾ ਵਿੱਚ ਸਿਰਫ 28 ਫੀ ਸਦੀ ਦਾ ਕਹਿਣਾ ਹੈ ਕਿ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲੇ ਵਿੱਚ ਉਹ ਪ੍ਰੋਵਿੰਸ ਵੱਲੋਂ ਕੀਤੀਆਂ ਕੋਸਿ਼ਸ਼ਾਂ ਤੋਂ ਖੁਸ਼ ਹਨ ਜਦਕਿ 48 ਫੀ ਸਦੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੀਆਂ ਕੋਸਿ਼ਸ਼ਾਂ ਤੋਂ ਉਹ ਸੰਤੁਸ਼ਟ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਸੋਮਵਾਰ ਨੂੰ ਲੋਕ 9:30 ਤੋਂ ਵੋਟਾਂ ਪਾ ਸਕਣਗੇ। ਆਮ ਸਮਿਆਂ ਵਿੱਚ ਨਤੀਜੇ ਵੀ ਅੱਧੀ ਰਾਤ ਤੱਕ ਆ ਜਾਣੇ ਸਨ। ਪਰ ਇਹ ਆਮ ਹਾਲਾਤ ਨਹੀਂ ਹਨ। ਇਸ ਲਈ ਇਲੈਕਸ਼ਨਜ਼ ਕੈਨੇਡਾ ਨੇ ਇਹ ਚੇਤਾਵਨੀ ਦਿੱਤੀ਼ ਹੈ ਕਿ ਇੱਕ ਮਿਲੀਅਨ ਦੇ ਨੇੜੇ ਤੇੜੇ ਸਪੈਸ਼ਲ ਬੈਲਟਸ ਨੂੰ ਵੀ ਟੈਲੀ ਕੀਤਾ ਜਾਣਾ ਹੈ ਤੇ ਇਸ ਕੰਮ ਲਈ ਚਾਰ ਦਿਨ ਦਾ ਸਮਾਂ ਵੀ ਲੱਗ ਸਕਦਾ ਹੈ।