ਲੈਂਪੋਰਟ ਸਟੇਡੀਅਮ ਦੇ ਮੁਜ਼ਾਹਰਿਆਂ ਨਾਲ ਸਬੰਧਤ ਇੱਕ ਗ੍ਰਿਫਤਾਰ

ਟੋਰਾਂਟੋ: ਟੋਰਾਂਟੋ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ 21 ਜੁਲਾਈ ਨੂੰ ਲੈਂਪੋਰਟ ਸਟੇਡੀਅਮ ਵਿੱਚ ਹੋਏ ਮੁਜ਼ਾਹਰਿਆਂ ਦੇ ਸਬੰਧ ਵਿੱਚ ਲੋੜੀਂਦਾ ਸੀ। ਇਸ ਥਾਂ ਉੱਤੇ ਬੇਘਰੇ ਲੋਕਾਂ ਦੀ ਪੈਰਵੀ ਕਰਨ ਵਾਲਿਆਂ, ਉਨ੍ਹਾਂ ਦੇ ਸਮਰਥਕਾਂ ਦੀ ਪੁਲਿਸ ਤੇ ਸਿਟੀ ਦੇ ਸਟਾਫ ਨਾਲ ਝੜਪ ਹੋਈ ਸੀ।
ਕਈ ਗ੍ਰਿਫਤਾਰੀਆਂ ਕੀਤੇ ਜਾਣ ਤੋਂ ਬਾਅਦ ਮੁਜ਼ਾਹਰਾ 14ਵੀਂ ਡਵੀਜ਼ਨ ਦੇ ਬਾਹਰ ਕੀਤਾ ਜਾਣ ਲੱਗਿਆ ਤੇ ਉਸ ਸਮੇਂ ਪੁਲਿਸ ਨੇ ਆਖਿਆ ਸੀ ਕਿ ਸਟੇਸ਼ਨ ਦੇ ਬਾਹਰ ਗੁੱਸੇ ਵਿੱਚ ਆਏ ਲੋਕ ਆਪੇ ਤੋਂ ਬਾਹਰ ਹੋਣ ਲੱਗੇ ਸਨ।ਪੁਲਿਸ ਵੱਲੋਂ ਵੀਰਵਾਰ ਨੂੰ ਅੱਠ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ ਜਿਹੜੀਆਂ ਉਨ੍ਹਾਂ ਲੋਕਾਂ ਦੀਆਂ ਸਨ ਜਿਹੜੇ ਇਸ ਮੁਜ਼ਾਹਰੇ ਦੌਰਾਨ ਖਤਰਨਾਕ ਹਥਿਆਰ ਰੱਖਣ, ਹਥਿਆਰ ਨਾਲ ਹਮਲਾ ਕਰਨ, ਹਮਲਾ ਕਰਨ ਤੇ ਅੜਿੱਕੇ ਡਾਹੁਣ ਵਰਗੇ ਮਾਮਲਿਆਂ ਲਈ ਲੋੜੀਂਦੇ ਸਨ।
ਪੁਲਿਸ ਨੇ ਆਖਿਆ ਕਿ ਇਨ੍ਹਾਂ ਅੱਠ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਆਖਿਆ ਕਿ ਇਸ ਵਿਅਕਤੀ ਨੇ ਉਸ ਸਮੇਂ ਅੜਿੱਕਾ ਡਾਹੁਣ ਤੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਦੀ ਕੋਸਿ਼ਸ਼ ਕੀਤੀ ਸੀ ਜਦੋਂ ਉਹ ਕਿਸੇ ਨੂੰ ਗ੍ਰਿਫਤਾਰ ਕਰਨ ਜਾ ਰਹੇ ਸਨ। ਟੋਰਾਂਟੋ ਦੇ 29 ਸਾਲਾ ਅਲਾ ਅਲ ਸੂਫੀ ਨੂੰ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।