ਸਰੀ : ਵੈਨਕੂਵਰ ਪੁਲਿਸ ਨੇ ਵੀਰਵਾਰ ਸਵੇਰੇ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿਚ ਹਾਦਸੇ ਸਮੇਂ ਜੀਪ ਚਲਾ ਰਹੇ ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਸੰਧੂ ਨੂੰ ਇਸ ਘਟਨਾ ਲਈ ਜਿੰਮੇਵਾਰ ਸਮਝਦਿਆਂ ਗਿ੍ਫ਼ਤਾਰ ਕੀਤਾ ਹੈ। ਦਿਲਪ੍ਰੀਤ ਉਤੇ ਅਪਰਾਧਿਕ ਲਾਪ੍ਰਵਾਹੀ ਦੋਸ਼ ਲੱਗੇ ਹਨ ਕਿ ਉਸ ਦੀ ਕਥਿਤ ਲਾਪ੍ਰਵਾਹੀ ਕਾਰਨ ਇਹ ਘਟਨਾ ਵਾਪਰੀ, ਜਿਸ ਵਿੱਚ ਸਰੀ ਦੇ ਰਹਿਣ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੁਲਿਸ ਦੇ ਇਕ ਬੁਲਾਰੇ ਕੈਵਿਨ ਨੇ ਦੱਸਿਆ ਕਿ ਹਾਦਸੇ ਸਮੇਂ ਸ਼ਰਾਬ ਦਾ ਸੇਵਨ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਨੂੰ ਇਸ ਹਾਦਸੇ ਦਾ ਕਾਰਨ ਸਮਝਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸਰੀ ਨਿਵਾਸੀ ਪੰਜਾਬੀ ਨੌਜਵਾਨ 20 ਸਾਲਾ ਸਿਧਾਂਤ ਗਰਗ ਦਾ 1 ਸਤੰਬਰ ਨੂੰ ਜਨਮ ਦਿਨ ਸੀ। ਜਨਮ ਦਿਨ ਮਨਾਉਣ ਲਈ ਸਰੀ ਨਿਵਾਸੀ 20 ਸਾਲਾ ਕੁਲਬੀਰ ਸਿੰਘ ਬਰਾੜ, ਸਿਧਾਂਤ ਗਰਗ ਤੇ ਦਿਲਪ੍ਰੀਤ ਸਿੰਘ ਵੈਨਕੂਵਰ ਦੇ ਸਾਈਪ੍ਰਸ ਮਾਊਂਟੇਨ ਗਏ ਸਨ। 2 ਸਤੰਬਰ ਦੀ ਸਵੇਰ 4 ਵਜੇ ਜਦੋਂ ਵਾਪਸ ਪਰਤ ਰਹੇ ਸਨ ਤਾਂ ਸਾਈਪ੍ਰਸ ਬੋਅਲ ਰੋਡ ‘ਤੇ ਉਨ੍ਹਾਂ ਦੀ ਜੀਪ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਫ਼ਰੀਦਕੋਟ ਨਾਲ ਸਬੰਧਤ ਕੁਲਬੀਰ ਸਿੰਘ ਬਰਾੜ ਤੇ ਸਿਧਾਂਤ ਗਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜੀਪ ਚਲਾ ਰਿਹਾ ਦਿਲਪ੍ਰੀਤ ਸਿੰਘ ਇਸ ਹਾਦਸੇ ਵਿਚ ਵਾਲ-ਵਾਲ ਬਚ ਗਿਆ। ਦਿਲਪ੍ਰੀਤ ਸਿੰਘ ਸੰਧੂ ਨੂੰ 8 ਸਤੰਬਰ ਨੂੰ ਵੈਨਕੂਵਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੈਨਕੂਵਰ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ, ਹਾਦਸਾਗ੍ਰਸਤ ਜੀਪ ਚਲਾਉਣ ਵਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ
