ਚੰਡੀਗੜ੍ਹ
ਪੰਜਾਬ ਸਰਕਾਰ ’ਚ ਵੱਡੇ ਫੇਰਬਦਲ ਮਗਰੋਂ ਹੁਣ ਸੂਬੇ ਨੂੰ ਨਵਾਂ ਪੁਲੀਸ ਮੁਖੀ ਮਿਲ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਨਵੇਂ ਡੀਜੀਪੀ ਦੀ ਦੌੜ ਵਿੱਚ 1986 ਬੈਚ ਦੇ ਆਈਪੀਐੱਸ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਵੀ.ਕੇ.ਭਾਵਰਾ ਤੇ 1988 ਬੈਚ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਾਂ ਸਿਖਰ ’ਤੇ ਹਨ। ਇਨ੍ਹਾਂ ਸਾਰੇ ਅਧਿਕਾਰੀਆਂ ਦੀ ਛੇ ਮਹੀਨੇ ਤੋਂ ਵੱਧ ਦੀਆਂ ਸੇਵਾਵਾਂ ਬਾਕੀ ਹਨ, ਜੋ ਉਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਲਈ ਯੋਗ ਬਣਾਉਂਦੀ ਹੈ। ਸੂਤਰਾਂ ਮੁਤਾਬਕ ਚਟੋਪਾਧਿਆਏ ਤਾਂ ਅੱਜ ਮੁੱਖ ਮੰਤਰੀ ਚੰਨੀ ਨੂੰ ਵੀ ਮਿਲੇ ਹਨ। ਸੂਤਰਾਂ ਨੇ ਕਿਹਾ ਕਿ ਸੂਬਾ ਸਰਕਾਰ ਅੱਜ ਦੇਰ ਰਾਤ ਜਾਂ ਫ਼ਿਰ ਭਲਕੇ ਇਸ ਬਾਰੇ ਕੋਈ ਫੈਸਲਾ ਲੈ ਸਕਦੀ ਹੈ। ਚਟੋਪਾਧਿਆਏ ਦੀ ਸੱਤਾ ’ਤੇ ਕਾਬਜ਼ ਕਾਂਗਰਸ ਦੇ ਨਵੇਂ ਸਿਆਸੀ ਗਰੁੱਪ ਨਾਲ ਨੇੜਤਾ ਹੈ, ਪਰ ਸਹੋਤਾ ਵੀ ਮਜ਼ਬੂਤ ਦਾਅਵੇਦਾਰ ਹਨ, ਕਿਉਂਕਿ ਇਸੇ ਨਵੇਂ ਗਰੁੱਪ ਵਿੱਚ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ। ਪੁਲੀਸ ਅਧਿਕਾਰੀ ਭਾਵਰਾ ਤੇ ਰੋਹਿਤ ਚੌਧਰੀ ਜਿਨ੍ਹਾਂ ਦੀ ਕ੍ਰਮਵਾਰ ਨੌਂ ਤੇ ਸੱਤ ਮਹੀਨਿਆਂ ਦੀਆਂ ਸੇਵਾਵਾਂ ਬਾਕੀ ਹਨ, ਡੀਜੀਪੀ ਲਈ ਆਖਰੀ ਚੋਣ ਹੋ ਸਕਦੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਡੀਜੀਪੀ ਦੀ ਨਿਯੁਕਤੀ ਲਈ ਅਮਲੀ ਤੇ ਕਾਨੂੰਨੀ ਅੜਿੱਕਿਆਂ ਤੋਂ ਇਲਾਵਾ ਯੂਪੀਐੱਸਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ।