ਮਾਸਕੋ : ਸੋਮਵਾਰ ਸਵੇਰੇ ਰੂਸ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਗੰਨਮੈਨ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਅੱਠ ਵਿਅਕਤੀ ਨੂੰ ਮਾਰ ਮੁਕਾਇਆ ਗਿਆ ਤੇ ਇਸ ਘਟਨਾ ਵਿੱਚ 24 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ।
ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਰਮ ਸਟੇਟ ਯੂਨੀਵਰਸਿਟੀ ਵਿੱਚ ਇਸ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਗੰਨਮੈਨ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। ਪਰ ਉਸ ਦੀ ਪਛਾਣ ਜਾਂ ਸੰਭਾਵੀ ਮੰਤਵ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਵਿਦਿਆਰਥੀਆਂ ਤੇ ਸਟਾਫ ਨੇ ਖੁਦ ਨੂੰ ਯੂਨੀਵਰਸਿਟੀ ਦੇ ਕਮਰਿਆਂ ਵਿੱਚ ਲਾਕ ਕਰ ਲਿਆ ਤੇ ਸਕੂਲ ਨੇ ਉਨ੍ਹਾਂ ਨੂੰ ਕੈਂਪਸ ਛੱਡਣ ਦੀ ਅਪੀਲ ਕੀਤੀ ਜਿਹੜੇ ਅਜਿਹਾ ਕਰ ਸਕਦੇ ਸਨ।
ਸਰਕਾਰੀ ਟੈਸ ਨਿਊਜ਼ ਏਜੰਸੀ ਨੇ ਅਣਦੱਸੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੁੱਝ ਵਿਦਿਆਰਥੀਆਂ ਨੇ ਹਮਲੇ ਦੌਰਾਨ ਬਿਲਡਿੰਗ ਦੀਆਂ ਖਿੜਕੀਆਂ ਵਿੱਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਯੂਨੀਵਰਸਿਟੀ ਵਿੱਚ 12,000 ਵਿਦਿਆਰਥੀ ਪੜ੍ਹਦੇ ਹਨ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਮੌਕੇ 3000 ਲੋਕ ਕੈਂਪਸ ਵਿੱਚ ਸਨ।
ਰੂਸੀ ਯੂਨੀਵਰਸਿਟੀ ਵਿੱਚ ਗੰਨਮੈਨ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਹਲਾਕ, 24 ਜ਼ਖ਼ਮੀ
