ਦਰਹਾਮ ਪੁਲਿਸ ਨੇ ਬਰਾਮਦ ਕੀਤੇ 2·5 ਮਿਲੀਅਨ ਡਾਲਰ ਦੇ ਨਸੇ਼, 44 ਵਿਅਕਤੀਆਂ ਖਿਲਾਫ ਲਾਏ ਗਏ 295 ਚਾਰਜਿਜ਼

ਦਰਹਾਮ : ਦਰਹਾਮ ਰੀਜਨ ਦੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਏਰੀਆ ਵਿੱਚ ਫੈਂਟਾਨਿਲ ਟਰੈਫਿਕਰਜ਼ ਦੇ ਸਬੰਧ ਵਿੱਚ ਪੰਜ ਮਹੀਨੇ ਦੀ ਕੀਤੀ ਗਈ ਜਾਂਚ ਤੋਂ ਬਾਅਦ 2·5 ਮਿਲੀਅਨ ਡਾਲਰ ਦੇ ਨਸੇ਼ ਬਰਾਮਦ ਕੀਤੇ ਗਏ ਹਨ।
ਸੋਮਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਦਰਹਾਮ ਰੀਜਨਲ ਪੁਲਿਸ ਨੇ ਆਖਿਆ ਕਿ ਇਸ ਜਾਂਚ ਨੂੰ ਪ੍ਰੋਜੈਕਟ ਈਕੌਨੋਲਾਈਨ ਦਾ ਨਾਂ ਦਿੱਤਾ ਗਿਆ ਸੀ। ਇਸ ਦੀ ਅਗਵਾਈ ਸਰਵਿਸ ਦੀ ਡਰੱਗ ਐਨਫੋਰਸਮੈਂਟ ਯੂਨਿਟ ਵੱਲੋਂ ਕੀਤੀ ਗਈ ਤੇ ਇਸ ਦੌਰਾਨ ਗ੍ਰੇਟਰ ਟੋਰਾਂਟੋ ਏਰੀਆ ਦੇ 28 ਸਰਚ ਵਾਰੰਟ ਕਢਵਾ ਕੇ ਉਨ੍ਹਾਂ ਥਾਂਵਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਆਖਿਆ ਕਿ ਜਾਂਚ ਦੌਰਾਨ 5·8 ਕਿਲੋਗ੍ਰਾਮ ਫੈਂਟਾਨਿਲ, 4·2 ਕਿਲੋਗ੍ਰਾਮ ਕੋਕੀਨ, 205 ਗ੍ਰਾਮ ਮੈਥਾਮਫੈਟਾਮਾਈਨ, 3,000 ਆਕਸੀਕੋਡੋਨ ਪਿੱਲਜ਼ ਤੇ 30 ਕਿੱਲੋਗ੍ਰਾਮ ਗੈਰਕਾਨੂੰਨੀ ਭੰਗ ਬਰਾਮਦ ਹੋਈ।
ਇਸ ਤੋਂ ਇਲਾਵਾ ਹਾਈਡਰੋਮਰਫੋਨ, ਜੀਐਚਬੀ ਤੇ ਐਮਡੀਐਮਏ ਦੀ ਥੋੜ੍ਹੀ ਥੋੜ੍ਹੀ ਮਾਤਰਾ ਵੀ ਮਿਲੀ। ਜਾਂਚਕਾਰਾਂ ਦਾ ਮੰਨਣਾ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਫੜ੍ਹੇ ਗਏ ਹਨ ਉਨ੍ਹਾਂ ਦੀ ਅੰਦਾਜ਼ਨ ਕੀਮਤ 2·5 ਮਿਲੀਅਨ ਡਾਲਰ ਹੈ। ਇਸ ਤੋਂ ਇਲਾਵਾ ਇੱਕ ਅੱਠ ਹੈਂਡਗੰਨਜ਼ ਤੇ 300,000 ਡਾਲਰ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ।ਪੁਲਿਸ ਨੇ ਦੱਸਿਆ ਕਿ ਇਸ ਦੌਰਾਨ 44 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਉੱਤੇ ਕ੍ਰਿਮੀਨਲ ਕੋਡ ਐਂਡ ਕੰਟਰੋਲਡ ਡਰੱਗ ਐਂਡ ਸਬਸਟਾਂਸ ਐਕਟ ਤਹਿਤ 295 ਚਾਰਜਿਜ਼ ਲਾਏ ਗਏ ਹਨ ।