ਕਸ਼ਮੀਰ: ਹੈੱਡ ਫੋਨ ਲਗਾ ਕੇ ਜਾ ਰਹੇ ਜਵਾਨ ਨੇ ਚਿਤਾਵਨੀ ਅਣਸੁਣੀ ਕੀਤੀ, ਸਾਥੀ ਨੇ ਗੋਲੀ ਮਾਰ ਕੇ ਮਾਰਿਆ

ਸ੍ਰੀਨਗਰ, ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਹਨੇਰੇ ’ਚ ਪਛਾਣ ਨਾ ਹੋਣ ਕਾਰਨ ਪੁਲੀਸ ਕਰਮਚਾਰੀ ਨੇ ਆਪਣੇ ਸਹਿਯੋਗੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹੰਦਵਾੜਾ ਵਿੱਚ ਤਾਇਨਾਤ ਅਜੈ ਧਰ ਨੂੰ ਮੰਦਰ ਦੀ ਸੁਰੱਖਿਆ ਕਰ ਰਹੇ ਕਰਮਚਾਰੀ ਨੇ ਗੋਲੀ ਮਾਰ ਦਿੱਤੀ, ਕਿਉਂਕਿ ਜਦੋਂ ਉਸ ਨੇ ਧਰ ਨੂੰ ਰੁਕਣ ਲਈ ਕਿਹਾ ਤਾਂ ਉਹ ਨਹੀਂ ਰੁਕਿਆ। ਜਾਂਚ ਦੇ ਅਨੁਸਾਰ ਧਰ ਹੰਦਵਾੜਾ ਪੁਲੀਸ ਸਟੇਸ਼ਨ ਤੋਂ ਮੁੱਖ ਹੰਦਵਾੜਾ ਸ਼ਹਿਰ ਵਿੱਚ ਸਥਿਤ ਮੰਦਰ ਵਿੱਚ ਸੌਣ ਜਾ ਰਿਹਾ ਸੀ। ਅਧਿਕਾਰੀ ਨੇ ਕਿਹਾ, ‘ਪੀੜਤ ਨੇ ਹੈੱਡ ਫੋਨ ਲਗਾਏ ਹੋਏ ਸਨ ਤੇ ਜਦ ਉਹ ਮੰਦਰ ਨੇੜੇ ਪੁੱਜ ਗਿਆ ਤਾਂ ਉਥੇ ਤਾਇਨਤਾ ਸੁਰੱਖਿਆ ਮੁਲਾਜ਼ਮਾਂ ਨੇ ਸ਼ੱਕੀ ਹਰਕਤਾਂ ਕਾਰਨ ਉਸ ਨੂੰ ਰੁਕਣ ਲਈ ਕਿਹਾ ਪਰ ਧਰ ਨੇ ਚਿਤਾਵਨੀ ਨਹੀਂ ਸੁਣੀ ਜਿਸ ਕਾਰਨ ਜਵਾਨ ਨੇ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ।