ਕਾਂਗਰਸ ਦੀ ਕੈਪਟਨ ਨੂੰ ਨਸੀਹਤ: ਗੁੱਸੇ, ਈਰਖਾ ਤੇ ਬਦਲੇ ਦੀ ਭਾਵਨਾ ਦੀ ਸਿਆਸਤ ’ਚ ਕੋਈ ਥਾਂ ਨਹੀਂ

ਨਵੀਂ ਦਿੱਲੀ,

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਨੂੰ ਦਰਕਿਨਾਰ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਹੈ ਕਿ ਜੇਕਰ ਕੋਈ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਉਹ ਇਸ ਬਾਰੇ ਕੀ ਕਹਿ ਸਕਦੀ ਹੈ। ਕਾਂਗਰਸ ਨੇ ਕੈਪਟਨ ਦੇ ਬੀਤੇ ਦਿਨ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰਾਜਨੀਤੀ ਵਿੱਚ ਗੁੱਸੇ, ਈਰਖਾ, ਨਿੱਜੀ ਟਿੱਪਣੀਆਂ ਜਾਂ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਤੇ ਉਨ੍ਹਾਂ ਖ਼ਿਲਾਫ਼ ਮਜ਼ਬੂਤ ​​ਉਮੀਦਵਾਰ ਖੜ੍ਹਾ ਕਰਨਗੇ। ਪ੍ਰਿਯੰਕਾ ਵਾਡਰਾ ਦੀ ਕਰੀਬੀ ਤੇ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਅੱਜ ਉਮੀਦ ਕਿ ਕੈਪਟਨ ਕੁੱਝ ਕਰਨ ਤੋਂ ਪਹਿਲਾਂ ਅਪਣੀ ਪੀੜੀ ਹੇਠ ਸੋਟਾ ਫੇਰਨ ਕਿ ਕਾਂਗਰਸ ਨੇ ਉਨ੍ਹਾਂ ਨੂੰ 9.9 ਸਾਲਾਂ ਲਈ ਮੁੱਖ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚਾਰਧਾਰਕ ਲੜਾਈ ਲੜ ਰਹੀ ਹੈ ਅਤੇ ਉਨ੍ਹਾਂ ਨਾਲ ਖੜ੍ਹੀ ਰਹੇਗੀ ਜੋ ਇਸ ਤਰ੍ਹਾਂ ਲੜਨਾ ਚਾਹੁੰਦੇ ਹਨ। ਜੇ ਉਹ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੀ। ਸੁਪ੍ਰਿਆ ਦੇ ਬਿਆਨ ਕਿ ਸਿਆਸਤ ਵਿੱਚ ਗੁੱਸੇ ਲਈ ਕੋਈ ਥਾਂ ਨਹੀਂ ਬਾਰੇ ਟਿੱਪਣੀ ਕਰਦਿਆਂ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਜੇ ਗੁੱਸੇ ਲਈ ਕੋਈ ਜਗ੍ਹਾ ਨਹੀਂ ਹੈ ਪਰ ਕਾਂਗਰਸ ਵਿੱਚ ਅਪਮਾਨ ਦੀ ਜਗ੍ਹਾ ਹੈ।