ਚੰਡੀਗੜ੍ਹ,
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਹਿਲੀ ਦਫ਼ਾ ਖੁੱਲ੍ਹ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ ਹੈ। ਅਮਰਿੰਦਰ ਨੇ ਇਨ੍ਹਾਂ ਭੈਣ ਭਰਾਵਾਂ ਨੂੰ ਗੈਰ-ਤਜਰਬੇਕਾਰ ਦੱਸਿਆ ਹੈ। ਅਮਰਿੰਦਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਵੀ ਬਿਗਲ ਵਜਾ ਦਿੱਤਾ ਹੈ। ਅਮਰਿੰਦਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਅਤੇ ਦੇਸ਼ ਨੂੰ ਸਿੱਧੂ ਤੋਂ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਸਿੱਧੂ ਨੂੰ ਦੇਸ਼ ਲਈ ਖ਼ਤਰਾ ਦੱਸਿਆ। ਕੈਪਟਨ ਨੇ ਦਾਅਵਾ ਕੀਤਾ ਕਿ ਉਹ ਅਗਾਮੀ ਚੋਣਾਂ ਵਿਚ ਨਵਜੋਤ ਸਿੱਧੂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਬੇਅਦਬੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹੋਣ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਦੇਣ ਵਿੱਚ ਯਕੀਨ ਰੱਖਦੇ ਹਨ, ਪਰ ਜਿਹੜੇ ਲੋਕ ਇਹ ਸ਼ਿਕਾਇਤਾਂ ਕਰ ਰਹੇ ਸਨ, ਹੁਣ ਉਹ ਸੱਤਾ ਵਿੱਚ ਹਨ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਭਵਿੱਖੀ ਰਣਨੀਤੀ ਘੜਨ ਲਈ ਆਪਣੇ ਨੇੜਲਿਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ| ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਉਮਰ ਨੂੰ ਕਦੇ ਵੀ ਰੁਕਾਵਟ ਵਜੋਂ ਨਹੀਂ ਦੇਖਿਆ। ਅਮਰਿੰਦਰ ਨੇ ਅਸਤੀਫ਼ਾ ਦੇਣ ਦੀ ਗੱਲ ’ਤੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਬੁਲਾ ਕੇ ਉਨ੍ਹਾਂ ਨੂੰ ਆਖ ਦਿੰਦੇ ਤਾਂ ਉਨ੍ਹਾਂ ਨੇ ਉਸੇ ਵੇਲੇ ਅਹੁਦਾ ਛੱਡ ਦੇਣਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਾਂਗ ਹਨ, ਪਰ ਨਾਲ ਇਹ ਵੀ ਆਖ ਦਿੱਤਾ ਕਿ ਗਾਂਧੀ ਪਰਿਵਾਰ ਦੇ ਫਰਜ਼ੰਦ ਗੈਰ-ਤਜਰਬੇਕਾਰ ਹਨ ਅਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।
ਅਮਰਿੰਦਰ ਨੇ ਇਸ ਮੌਕੇ ਕਾਂਗਰਸ ਹਾਈਕਮਾਨ ’ਤੇ ਵੀ ਸਿੱਧੀ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਜਦੋਂ ਕਿ ਉਹ ਖ਼ੁਦ ਪਹਿਲਾਂ ਸੱਤਾ ਮੌਕੇ ਯੋਗਤਾ ਦੇ ਲਿਹਾਜ਼ ਨਾਲ ਮੰਤਰੀਆਂ ਨੂੰ ਨਿਯੁਕਤ ਕਰਦੇ ਸਨ। ਉਨ੍ਹਾਂ ਸਵਾਲ ਕੀਤਾ ਕਿ ਵੇਣੂਗੋਪਾਲ ਜਾਂ ਰਣਦੀਪ ਸੁਰਜੇਵਾਲਾ ਜਿਹੇ ਕਾਂਗਰਸੀ ਆਗੂ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ। ਅਮਰਿੰਦਰ ਨੇ ਕਿਹਾ ਕਿ ਵਿਰੋਧੀ ਸੁਰਾਂ ਵਾਲੇ, ਜੋ ਖਣਨ ਮਾਫੀਏ ਨੂੰ ਲੈ ਕੇ ਮੰਤਰੀਆਂ ਵਿਰੁੱਧ ਸ਼ਿਕਾਇਤਾਂ ਕਰਦੇ ਸਨ, ਅੱਜ ਉਹੀ ਮੰਤਰੀ ਹੁਣ ਇਨ੍ਹਾਂ ਨੇਤਾਵਾਂ ਨਾਲ ਹਨ।
ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਿਰਫ਼ ਪਾਰਟੀ ਦੇ ਮਾਮਲਿਆਂ ’ਤੇ ਹੀ ਬੋਲਣਾ ਚਾਹੀਦਾ ਹੈ, ਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ, ਚੰਨੀ ਦੇ ਆਲੇ ਦੁਆਲੇ ਇੰਜ ਦਿਖਾਈ ਦਿੰਦੇ ਹਨ ਜਿਵੇਂ ਚੰਨੀ ਉਨ੍ਹਾਂ ਦੀ ਕਠਪੁਤਲੀ ਹੋਣ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਮੰਤਰਾਲਾ ਤਾਂ ਸਾਂਭ ਨਹੀਂ ਸਕਿਆ ਤੇ ਹੁਣ ਕੈਬਨਿਟ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੀਆਂ ਕੋਝੀਆਂ ਹਰਕਤਾਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਅਗਾਮੀ ਚੋਣਾਂ ਵਿਚ ਕਾਂਗਰਸ 9 ਤੋਂ ਵੱਧ ਸੀਟਾਂ ਨਹੀਂ ਜਿੱਤ ਸਕੇਗੀ।
ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਗ੍ਰਹਿ ਵਿਭਾਗ ਚਲਾਉਣ ਦਾ ਉੱਕਾ ਹੀ ਤਜਰਬਾ ਨਹੀਂ ਹੈ ਤੇ ਉਪਰੋਂ ਸਰਹੱਦੀ ਸੂਬੇ ਵਿਚ ਹਾਲਤ ਗੰਭੀਰ ਹੁੰਦੇ ਜਾ ਰਹੇ ਹਨ। ਉਨ੍ਹਾਂ ਚੰਨੀ ਦੇ ਬਿੱਲ ਮੁਆਫੀ ਦੇ ਐਲਾਨ ’ਤੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਸਾਬਕਾ ਵਿੱਤ ਮੰਤਰੀ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੰਜਾਬ ਅੱਗੇ ਜਾ ਕੇ ਦੀਵਾਲੀਆ ਨਾ ਬਣੇ।