‘ਆਪ’ ਵਿਧਾਇਕ ਰਾਘਵ ਚੱਢਾ ਈਡੀ ਅੱਗੇ ਪੇਸ਼

ਨਵੀਂ ਦਿੱਲੀ, 

‘ਆਪ’ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਭੇਜੇ ਗਏ ਨੋਟਿਸ ਮਗਰੋਂ ਬੁੱਧਵਾਰ ਨੂੰ ‘ਆਪ’ ਵਿਧਾਇਕ ਰਾਘਵ ਚੱਢਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਇਆ। ਈਡੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੱਢਾ ਨੇ ਕਿਹਾ, ‘ਇਨ੍ਹਾਂ ਨੋਟਿਸਾਂ ਦੇ ਸਮੇਂ ’ਤੇ ਨਜ਼ਰ ਮਾਰੋ। ਇਹ ਉਸ ਸਮੇਂ ਆੲੇ ਹਨ, ਜਦੋਂ ‘ਆਪ’ ਉੱਤਰਾਖੰਡ, ਪੰਜਾਬ, ਗੁਜਰਾਤ ਤੇ ਗੋਆ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਨੋਟਿਸ ਨੂੰ “ਪ੍ਰੇਮ ਪੱਤਰ” ਕਰਾਰ ਦਿੰਦਿਆਂ ਵਿਧਾਇਕ ਨੇ ਅੱਗੇ ਕਿਹਾ ਕਿ ਇਹ ਸਿਰਫ ‘ਆਪ’ ਦੀ ਸੁਹਿਰਦ ਰਾਜਨੀਤੀ ਕਾਰਨ ਹੈ, ਜਿਸ ਤੋਂ ਭਾਜਪਾ ਡਰਦੀ ਹੈ।’

ਚੱਢਾ ਨੇ ਕਿਹਾ ਕਿ ਜਦੋਂ ‘ਆਪ’ ਨੇ ਗੁਜਰਾਤ ਦੇ ਸੂਰਤ ਵਿੱਚ ਭਾਜਪਾ ਨੂੰ ਚੁਣੌਤੀ ਦਿੱਤੀ ਤਾਂ ਇਸ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉਤਰਾਖੰਡ ਵਿੱਚ ਦੋ ਵਾਰ ਆਪਣੇ ਮੁੱਖ ਮੰਤਰੀ ਬਦਲਣੇ ਪਏ ਸਨ।’ ਵਿਧਾਇਕ ਨੇ ਕਿਹਾ ਕਿ ਸਾਨੂੰ ਪੰਜਾਬ ਵਿੱਚ ‘ਆਪ’ ਦੇ ਸੱਤਾ ਵਿੱਚ ਆਉਣ ਦਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਹਰ ਸਾਲ ਸਾਨੂੰ ਇੱਕ ਸੰਮਨ ਜਾਂ ਨੋਟਿਸ ਪ੍ਰਾਪਤ ਹੋਇਆ ਹੈ।

ਜ਼ਿਕਰਯੋਗ ਹੈ ਕਿ 13 ਸਤੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ‘ਆਪ’ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਪੰਜਾਬ ਦੇ ਸਾਬਕਾ ‘ਆਪ’ ਆਗੂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ‘ਗੁਪਤਾ ਨੂੰ ਅਗਲੇ ਹਫ਼ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ‘ਆਪ’ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਸਾਬਕਾ ਮੁਖੀ ਸੁਖਪਾਲ ਸਿੰਘ ਖਹਿਰਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।’ ਈਡੀ ਨੇ ਖਹਿਰਾ ਵਿਰੁੱਧ ਦਰਜ ਹੋਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਜਾਅਲੀ ਪਾਸਪੋਰਟ ਸਬੰਧੀ ਦੋ ਵੱਖ-ਵੱਖ ਮਾਮਲਿਆਂ ਦਾ ਵੀ ਨੋਟਿਸ ਲਿਆ।