ਟੋਰਾਂਟੋ : ਚੋਣਾਂ ਵਾਲੀ ਰਾਤ ਨੂੰ ਕੈਨੇਡੀਅਨਜ਼ ਨੂੰ ਭਾਵੇਂ ਇਹ ਪਤਾ ਲਾਉਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਿਆ ਕਿ ਅਗਲੀ ਸਰਕਾਰ ਦੀ ਅਗਵਾਈ ਕੌਣ ਕਰੇਗਾ ਪਰ ਕਈ ਅਜਿਹੀਆਂ ਸੀਟਾਂ ਹਨ ਜਿੱਥੋਂ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਅਜੇ ਵੀ ਇਨ੍ਹਾਂ ਸੀਟਾਂ ਨਾਲ ਸਬੰਧਤ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਨਤੀਜੇ ਐਲਾਨੇ ਜਾਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ।
ਬੁੱਧਵਾਰ ਸ਼ਾਮ ਤੱਕ ਨੌਂ ਸੀਟਾਂ ਅਜਿਹੀਆਂ ਸਨ ਜਿਨ੍ਹਾਂ ਉੱਤੇ ਵੋਟਾਂ ਦੀ ਗਿਣਤੀ ਜਾਰੀ ਸੀ। ਇਨ੍ਹਾਂ ਵਿੱਚ ਲਿਬਰਲ ਪੰਜ ਸੀਟਾਂ ਉੱਤੇ, ਕੰਜ਼ਰਵੇਟਿਵ ਇੱਕ ਸੀਟ ਉੱਤੇ, ਬਲਾਕ ਕਿਊਬਿਕੁਆ ਇੱਕ ਸੀਟ ਊੱਤੇ ਤੇ ਐਨਡੀਪੀ ਦੋ ਸੀਟਾਂ ਉੱਤੇ ਅੱਗੇ ਚੱਲ ਰਹੇ ਸਨ। ਭਾਵੇਂ ਇਨ੍ਹਾਂ ਸੀਟਾਂ ਉੱਤੇ ਫੈਸਲਾ ਹੋਣਾ ਅਜੇ ਬਾਕੀ ਹੈ ਪਰ ਇਸ ਨਾਲ ਚੋਣ ਨਤੀਜਿਆਂ ਉੱਤੇ ਕੋਈ ਫਰਕ ਨਹੀਂ ਪੈਣ ਵਾਲਾ। ਇਹ ਪਹਿਲਾਂ ਹੀ ਸਪਸ਼ਟ ਹੋ ਚੁੱਕਿਆ ਹੈ ਕਿ ਲਿਬਰਲ ਘੱਟ ਗਿਣਤੀ ਸਰਕਾਰ ਬਣਾਉਣਗੇ, ਕੰਜ਼ਰਵੇਟਿਵ ਮੁੱਖ ਵਿਰੋਧੀ ਧਿਰ ਹੋਵੇਗੀ ਤੇ ਜਦੋਂ ਵੀ ਕੋਈ ਅਹਿਮ ਬਿੱਲ ਪਾਸ ਕਰਨਾ ਹੋਵੇਗਾ ਤਾਂ ਉਸ ਵਿੱਚ ਬਲਾਕ ਤੇ ਐਨਡੀਪੀ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਕਿਉਂਕਿ ਦੋਵਾਂ ਕੋਲ ਪਾਵਰ ਨੂੰ ਸੰਤੁਲਿਤ ਕਰਨ ਲਈ ਕਾਫੀ ਸੀਟਾਂ ਹੋਣਗੀਆਂ।
ਇਨ੍ਹਾਂ ਹਲਕਿਆਂ ਦੇ ਨਤੀਜਿਆਂ ਦਾ ਅਸਰ ਉੱਥੇ ਰਹਿਣ ਵਾਲੇ ਲੋਕਾਂ ਉੱਤੇ ਪਵੇਗਾ। ਕਈ ਵਾਰੀ ਕੁੱਝ ਸੀਟਾਂ ਪਾਰਟੀ ਆਗੂਆਂ ਲਈ ਰਾਇਸ਼ੁਮਾਰੀ ਵਜੋਂ ਵੇਖੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਜਿੱਤਣਾ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਜਾਂਦਾ ਹੈ। ਮਿਸਾਲ ਵਜੋਂ ਲਿਬਰਲਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਵੈਨਕੂਵਰ ਗ੍ਰੈਨਵਿਲ ਸੀਟ ਜਿੱਤ ਕੇ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਐਸਐਨਸੀ-ਲਾਵਾਲਿਨ ਸਕੈਂਡਲ ਤੋਂ ਬਾਅਦ ਲਿਬਰਲ ਕਾਕਸ ਵਿੱਚੋਂ ਜੋਡੀ ਵਿਲਸਨ ਰੇਅਬੋਲਡ ਨੂੰ ਕੱਢੇ ਜਾਣ ਮਗਰੋਂ ਇਹ ਸੀਟ ਲਿਬਰਲਾਂ ਹੱਥੋਂ ਖੁੱਸ ਗਈ ਸੀ। ਇੰਡੀਪੈਂਡੈਂਟ ਉਮੀਦਵਾਰ ਵਜੋਂ ਰੇਅਬੋਲਡ ਨੇ 2019 ਵਿੱਚ ਇਹ ਸੀਟ ਮੁੜ ਜਿੱਤ ਲਈ ਸੀ ਪਰ ਇਸ ਵਾਰੀ ਉਸ ਨੇ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਅਪੁਸ਼ਟ ਖਬਰਾਂ ਅਨੁਸਾਰ ਇਹ ਸੀਟ ਲਿਬਰਲ ਉਮੀਦਵਾਰ ਤਾਲੀਬ ਨੂਰਮੁਹੰਮਦ ਨੇ ਐਨਡੀਪੀ ਉਮੀਦਵਾਰ ਅੰਜਲੀ ਅੱਪਾਦੁਰਾਈ ਨੂੰ ਹਰਾ ਕੇ ਜਿੱਤ ਲਈ ਹੈ।
ਅਜੇ ਵੀ ਵੋਟਾਂ ਗਿਣੇ ਜਾਣ ਕਾਰਨ ਕਈ ਹਲਕਿਆਂ ਉ਼ੱਤੇ ਨਹੀਂ ਹੋਇਆ ਜਿੱਤ ਹਾਰ ਦਾ ਫੈਸਲਾ
