ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਦੇ ਸੱਦੇ ਦੀ ਹਮਾਇਤ ਵਿਚ ਕਿਸਾਨ ਸਪੋਰਟ ਕਮੇਟੀ ਬਰੈਂਪਟਨ ਵੱਲੋਂ ਰੈਲੀ 27 ਸਤੰਬਰ ਨੂੰ

ਬਰੈਂਪਟਨ -ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਬਰੈਂਪਟਨ ਵਿਚ ਵਿਚਰ ਰਹੀ ਕਿਸਾਨ ਸਪੋਰਟ ਕਮੇਟੀ ਦੀ ਕਾਰਜਕਾਰਨੀ ਦੇ 11 ਸਤੰਬਰ ਦੇ ਫ਼ੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ‘ਤੇ ਅਮਲ ਕਰਦੇ ਹੋਏ ਉਸ ਦਿਨ ਸ਼ਾਮ ਦੇ 6.00 ਵਜੇ ‘ਸ਼ੌਪਰਜ਼ ਵੱਰਲਡ’ ਦੇ ਸਾਹਮਣੇ ਪਾਰਕਿੰਗ ਵਿਚ ਵੱਡੀ ਰੈਲੀ ਕੀਤੀ ਜਾਏਗੀ। ਕਮੇਟੀ ਦੇ ਨੁਮਾਇੰਦੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕੈਨੇਡਾ ਵਿਚ 20 ਸਤੰਬਰ ਨੂੰ ਫ਼ੈੱਡਰਲ ਚੋਣਾਂ ਹੋ ਜਾਣ ਉਪਰੰਤ ਕਿਸਾਨ ਸਪੋਰਟ ਕਮੇਟੀ ਨਾਲ ਸਬੰਧਿਤ ਜੱਥੇਬੰਦੀਆਂ ਦੇ ਮੈਂਬਰਾਂ ਵੱਲੋਂ ਇਸ ਸਬੰਧੀ ਹੁਣ ਸਰਗ਼ਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਵੱਖ-ਵੱਖ ਪ੍ਰਕਾਰ ਦੇ ਮੀਡੀਏ ਅਤੇ ਸੋਸ਼ਲ ਮੀਡੀਏ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।
ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਦਵਿੰਦਰ ਤੂਰ ਅਤੇ ਡਾ. ਹਰਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਪੋਸਟਰ ਵੱਡੀ ਗਿਣਤੀ ਵਿਚ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਹਰਿੰਦਰਪਾਲ ਹੁੰਦਲ ਵੱਲੋਂ ਫੇਸਬੁੱਕ ਈਵੈਂਟ ਤਿਆਰ ਕਰ ਦਿੱਤੀ ਗਈ ਹੈ। ਕਾਮਰੇਡ ਸ਼ਮਸ਼ਾਦ ਸ਼ਮਸ ਵੱਲੋਂ ਪੁਲੀਸ ਨੂੰ ਲੋੜੀਂਦੀ ਜਾਣਕਾਰੀ ਦੇ ਦਿੱਤੀ ਗਈ ਹੈ। ਬੁਲਾਰਿਆਂ ਨੂੰ ਵਾਰੀ ਸਿਰ ਬੁਲਾਉਣ ਦੀ ਜਿੰ਼ਮੇਂਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਸੌਂਪੀ ਗਈ ਹੈ। ਕਮੇਟੀ ਨੇ ਇਕ ਪ੍ਰੈਸ ਬਿਆਨ ਰਾਹੀਂ ਜੀ.ਟੀ.ਏ. ਦੇ ਸਮੂਹ ਕਿਸਾਨ ਸੰਘਰਸ਼ ਹਮਾਇਤੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਰੈਲੀ ਵਿਚ ਸ਼ਾਮਲ ਹੋਣ। ਇਨ੍ਹਾਂ ਦਿਨਾਂ ਵਿਚ ਇਲੈੱਕਟ੍ਰਾਨਿਕ ਮੀਡੀਏ ਰਾਹੀਂ ਵੀ ਇਸ ਸਬੰਧੀ ਅਪੀਲਾਂ ਕੀਤੀਆਂ ਜਾਣਗੀਆਂ।