ਬਰੈਂਪਟਨ, – ਲੰਘੇ ਐਤਵਾਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕੈਨੇਡਾ ਦੇ ਉੱਘੇ ਕਵੀ ਤੇ ਗ਼ਜ਼ਲਗੋ ਜਗਜੀਤ ਸੰਧੂ ਨਾਲ ਦਿਲਚਸਪ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮੁੱਖ-ਮਹਿਮਾਨ ਅਤੇ ਹਾਜ਼ਰੀਨ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿੱਘੀ ਜੀ-ਆਇਆਂ ਕਹਿਣ ਤੋਂ ਬਾਅਦ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੀ ਰੂਪ-ਰੇਖ਼ਾ ਦਰਸਾਈ ਗਈ। ਉਪਰੰਤ, ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸਭਾ ਨੇ ਸਰਪ੍ਰਸਤ ਬਲਰਾਜ ਚੀਮਾ ਨੂੰ ਸਮਾਗ਼ਮ ਦੇ ਮੁੱਖ-ਬੁਲਾਰੇ ਜਗਜੀਤ ਸੰਧੂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਜਗਜੀਤ ਸੰਧੂ ਇਕ ਬੇਬਾਕ ਕਵੀ ਤੇ ਗ਼ਜ਼ਲਗੋ ਹੈ ਅਤੇ ਉਹ ਕਵਿਤਾ ਦੀ ਨਿਰੰਤਰ ਸਿਰਜਣਾ ਕਰ ਰਿਹਾ ਹੈ। ਉਨ੍ਹਾਂ ਅਨੁਸਾਰ ਸੁਰਜੀਤ ਪਾਤਰ ਅਤੇ ਜਗਜੀਤ ਸੰਧੂ ਅਜੋਕੀ ਕਵਿਤਾ ਦੇ ਮੁੱਖ-ਹਸਤਾਖ਼ਰ ਹਨ। ਜਿੱਥੇ ਪਾਤਰ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਵਿਚ ਸਰੋਤਿਆ ਤੇ ਪਾਠਕਾਂ ਨੂੰ ਸੰਬੋਧਿਤ ਹੁੰਦਾ ਹੈ, ਉੱਥੇ ਜਗਜੀਤ ਸੰਧੂ ਦੀ ਕਵਿਤਾ ਸ਼ੁੱਧ ਅਤੇ ਮੌਲਿਕ ਹੈ ਅਤੇ ਉਹ ਪੰਜਾਬੀ ਕਵਿਤਾ ਨੂੰ ਸਮੱਰਪਿਤ ਹੈ।
ਆਪਣੇ ਬਾਰੇ ਗੱਲ ਕਰਦਿਆਂ ਜਗਜੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਕੈਨੇਡਾ ਵਿਚ ਟ੍ਰਾਂਸਲੇਟਰ ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ ਹਨ। ਉਹ ਇਸ ਸਮੇਂ ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਬਤੌਰ ਸਕੂਲ ਅਧਿਆਪਕ ਸੇਵਾ ਕਰ ਰਹੇ ਹਨ ਅਤੇ ਕਵੀ ਹੋਣ ਦੇ ਨਾਤੇ ਆਪਣੇ ਖਿ਼ਆਲ ਦੇ ਨੇੜੇ ਹਨ। ਉਨ੍ਹਾਂ ਕਿਹਾ,”ਮੈ ਲਿਖਦਾ ਹਾਂ ਅਤੇ ਉਸ ਨੂੰ ਆਪਣੇ ਸਰੀਰ ‘ਤੇ ਪੜ੍ਹਦਾ ਹਾਂ ਤਾਂ ਕਿ ਉਸ ਨੂੰ ਛੋਹ ਸਕਾਂ। ਮੈਨੂੰ ਕਵਿਤਾ ਉੱਤਰਦੀ ਨਹੀਂ, ਸਗੋਂਂ ਮੇਰਾ ਖਿ਼ਆਲ ਮੈਨੂੰ ਦੱਸਦਾ ਹੈ ਕਿ ਕੀ ਇਹ ਠੀਕ ਹੈ ਅਤੇ ਇਸ ਨੂੰ ਕਿਸ ਰੂਪ ਵਿਚ ਲਿਖਣਾ ਹੈ, ਕਵਿਤਾ, ਗੀਤ, ਗ਼ਜ਼ਲ ਜਾਂ ਹਾਈਕੂ ਵਿਚ।” ਕਲਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਲਾ ਸੱਭ ਤੋਂ ਪਹਿਲਾਂ ਕਲਾ ਲਈ ਹੀ ਹੁੰਦੀ ਹੈ ਅਤੇ ਫਿਰ ਉਹ ਲੋਕਾਂ ਲਈ ਲੋਕਾਂ ਦੀ ਬਣਦੀ ਹੈ। ਇਸ ਦੌਰਾਨ ਮਨੁੱਖੀ ਅਹਿਸਾਸ ਦੇ ਬਾਰੇ ਉਨ੍ਹਾਂ ਆਪਣੀ ਗ਼ਜ਼ਲ ਦੇ ਇਕ ਸਿ਼ਅਰ ਦਾ ਹਵਾਲਾ ਦਿੰਦੇ ਹੋਏ ਕਿਹਾ:
“ਘਰੋਂ ਨਿਕਲੇ, ਸ਼ਾਲਾ! ਪਹੁੰਚਣਾ ਹੈ,
ਚਲੋ, ਅਹਿਸਾਸ ਸਾਰਾ ਪਹੁੰਚ ਦਾ ਹੈ।”
ਇਸ ਦੌਰਾਨ ਉਨ੍ਹਾਂ ਆਪਣੀਆਂ ਕੁਝ ਗ਼ਜ਼ਲਾਂ ਤੇ ਗੀਤਾਂ ਨੂੰ ਤਰੰਨਮ ਵਿਚ ਪੇਸ਼ ਕੀਤਾ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਖ਼ੂਬਸੂਰਤ ਅਹਿਸਾਸ ਤੇ ਅਲਫ਼ਾਜ਼ ਨੂੰ ਪੇਸ਼ ਕਰਨ ਵਿਚ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ। ਕਹਾਣੀਕਾਰ ਕੁਲਜੀਤ ਮਾਨ ਨੇ ਬੀਤੇ ਸਾਲਾਂ ਵਿਚ ‘ਕਲਮਾਂ ਦੇ ਕਾਫ਼ਲੇ’ ਦੀਆਂ ਮੀਟਿੰਗਾਂ ਦੇ ਦੌਰਾਨ ਜਗਜੀਤ ਸੰਧੂ, ਅਮਰਜੀਤ ਸਾਥੀ ਅਤੇ ਡਾ. ਸੁਖਪਾਲ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਜਗਜੀਤ ਸੰਧੂ ਦਾ ਨਾਂ ਪੋਟਿਆਂ ‘ਤੇ ਗਿਣਨਯੋਗ ਚੰਗੇ ਇਨਸਾਨਾਂ ਵਿਚ ਆਉਂਦਾ ਹੈ ਅਤੇ ਉਸ ਦੀ ਕਵਿਤਾ ਮੌਲਿਕ ਹੈ ਅਤੇ ਇਹ ਅਹਿਸਾਸ ਨਾਲ ਭਰਪੂਰ ਹੈ। ਡਾ. ਜਗਮੋਹਨ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਸੁਖਦੇਵ ਸਿੰਘ ਬੇਦੀ, ਲਖਬੀਰ ਸਿੰਘ ਕਾਹਲੋਂ, ਤਲਵਿੰਦਰ ਮੰਡ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਜਗਜੀਤ ਸੰਧੂ ਨੂੰ ਉਨ੍ਹਾਂ ਦੀ ਕਾਵਿ-ਲੇਖਣੀ ਅਤੇ ਅਜੋਕੀ ਪੰਜਾਬੀ ਕਵਿਤਾ ਬਾਰੇ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਜਗਜੀਤ ਸੰਧੂ ਵੱਲੋਂ ਵਿਸਥਾਰ ਪੂਰਵਕ ਅਤੇ ਤਸੱਲੀਬਖ਼ਸ਼ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਵਿਚ ਜਿੱਥੇ ਮਲੂਕ ਸਿੰਘ ਕਾਹਲੋਂ, ਲਖਬੀਰ ਸਿੰਘ ਕਾਹਲੋਂ, ਤਰਲੋਚਨ ਸਿੰਘ ਔਜਲਾ, ਗਿਆਨ ਸਿੰਘ ਦਰਦੀ, ਨਿਰਵੈਰ ਸਿੰਘ ਅਰੋੜਾ, ਸੁਖਦੇਵ ਸਿੰਘ ਬੇਦੀ, ਸੁਖਦੇਵ ਸਿੰਘ ਝੰਡ, ਮਕਸੂਦ ਚੌਧਰੀ, ਡਾ. ਜਗਮੋਹਨ ਸੰਘਾ, ਪਿਆਰਾ ਸਿੰਘ ਕੁੱਦੋਵਾਲ, ਪਰਮਜੀਤ ਢਿੱਲੋਂ, ਪਰਮਜੀਤ ਸਿੰਘ ਗਿੱਲ, ਹਰਜਸਪ੍ਰੀਤ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਹਰਦਿਆਲ ਸਿੰਘ ਝੀਤਾ, ਜਗਜੀਤ ਸੰਧੂ ਅਤੇ ਤਲਵਿੰਦਰ ਮੰਡ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਸੰਜੀਦਾ ਕਾਵਿਕ ਮਾਹੌਲ ਸਿਰਜਿਆ, ਉੱਥੇ ਇਕਬਾਲ ਬਰਾੜ ਦੇ ਸੁਰੀਲੇ ਗੀਤਾਂ ਨੇ ਇਸ ਨੂੰ ਖ਼ੂਬਸੂਰਤ ਸੰਗੀਤਕ ਰੰਗ ਬਖ਼ਸਿ਼ਆ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਮੁੱਖ-ਬੁਲਾਰੇ ਜਗਜੀਤ ਸੰਧੂ ਅਤੇ ਸਮਾਗਖਮ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਡਾ. ਅਮਰਜੀਤ ਸਿੰਘ ਬਨਵੈਤ, ਨਛੱਤਰ ਸਿੰਘ ਬਦੇਸ਼ਾ, ਰਮਿੰਦਰ ਵਾਲੀਆ, ਪਰਮਜੀਤ ਦਿਓਲ, ਰਿੰਟੂ ਭਾਟੀਆ ਤੇ ਕਈ ਹੋਰਨਾਂ ਨੇ ਸ਼ਮੂਲੀਅਤ ਕੀਤੀ।
“ਮੈਂ ਸਮਾਜਿਕ-ਪ੍ਰਾਣੀ ਹਾਂ, ਜੇਕਰ ਸਮਾਜ ਮੇਰੀ ਕਵਿਤਾ ਸਮਾਜ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਮੇਰੀ ਕਵਿਤਾ ਸਮਾਜਿਕ ਨਹੀਂ ” -ਜਗਜੀਤ ਸੰਧੂ
