ਅੱਜ ਜਨਮ ਦਿਵਸ ’ਤੇ : ਆਪਣੇ ਸਮੇਂ ਤੋਂ ਅਗਾਂਹ ਜਿਊਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ

ਅੱਜ ਜਨਮ ਦਿਵਸ ’ਤੇ : ਆਪਣੇ ਸਮੇਂ ਤੋਂ ਅਗਾਂਹ ਜਿਊਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ

‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਹਿਣ ਵਾਲਾ ਸ਼ਿਵ ਕੁਮਾਰ ਬਟਾਲਵੀ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ। ਤੁਰ ਗਏ ਵਾਪਸ ਨਹੀਂ ਆਉਂਦੇ ਪਰ ਸ਼ਿਵ ਦੇ ਕਰੁੱਤੇ ਤੁਰ ਜਾਣ ਦਾ ਜ਼ਖ਼ਮ ਪੰਜਾਬੀ-ਸਾਹਿਤ ਪ੍ਰੇਮੀਆਂ ਲਈ ਸਦਾ ਹਰਾ ਰਹੇਗਾ।
ਜਦੋਂ ਵੀ ਕਿਤੇ ਪੰਜਾਬੀ ਸ਼ਾਇਰੀ ਦੀ ਗੱਲ ਚੱਲੇ ਤਾਂ ਸ਼ਿਵ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਸ਼ਿਵ ਨੂੰ ਪੰਜਾਬੀ ਦਾ ‘ਜੌਨ ਕੀਟਸ’ ਕਿਹਾ ਜਾਂਦਾ ਹੈ। ਰਾਵੀ ਦਰਿਆ ਦੇ ਪਾਣੀਆਂ ਦਾ ਜਾਇਆ ਸ਼ਿਵ ਆਪਣੀ ਵਿਲੱਖਣ ਸਿਰਜਣਾ ਕਾਰਨ ਛੋਟੀ ਉਮਰੇ ਹੀ ਦੁਨੀਆ ਭਰ ਵਿਚ ਪ੍ਰਸਿੱਧ ਹੋ ਗਿਆ।
ਰੋਗ ਬਣ ਕੇ ਰਹਿ ਗਿਆ
ਹੈ ਪਿਆਰ ਤੇਰੇ ਸ਼ਹਿਰ ਦਾ।
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ।
ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ।
ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗ਼ਲ ਹੁਣ ਕਰੇ
ੲਤਬਾਰ ਤੇਰੇ ਸ਼ਹਿਰ ਦਾ।
ਏਥੇ ਮੇਰੀ ਲਾਸ਼ ਤਕ
ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ।
ਗ਼ਜ਼ਲ ਦੀਆਂ ਇਹ ਸਤਰਾਂ ਲਿਖਦਾ ਸ਼ਿਵ ਧੁਰ ਅੰਦਰੋਂ ਝਟਕਿਆ ਲੱਗਦਾ ਹੈ। ਸ਼ਿਵ ਪਾਕਿਸਤਾਨ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਦੇ ਬੜਾ ਪਿੰਡ ਲੋਹਟੀਆਂ ’ਚ 23 ਜੁਲਾਈ 1936 ਨੂੰ ਪੈਦਾ ਹੋਇਆ। ਵੰਡ ਤਕ ਇਹ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਪੈਂਦਾ ਸੀ। ਬਟਵਾਰੇ ਤੀਕ ਲਹਿੰਦੇ ਪੰਜਾਬ ਵਿਚ ਹੀ ਗਲੀਆਂ ਵਿਚ ਖੇਡਦਾ ਰਿਹਾ। ਪੰਜਵੀਂ ਤਕ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਿਆ। ਮੁਲਕ ਦੀ ਵੰਡ ਮਗਰੋਂ ਸ਼ਿਵ ਕੁਮਾਰ ਪਰਿਵਾਰ ਨਾਲ ਬਟਾਲੇ ਆ ਵਸਿਆ। ਸ਼ਿਵ ਦੇ ਦਰਦਾਂ ਵਿੱਚੋਂ ਇਕ ਦਰਦ…ਆਪਣੇ ਬਚਪਨ ਦੇ ਪਿੰਡ ਤੋਂ ਸਦੀਵੀ ਵਿਛੋੜਾ ਪਾ ਕੇ ਨਵੀਂ, ਓਪਰੀ ਥਾਂ ਰਹਿਣਾ ਵੀ ਉਸਦੇ ਸੰਵੇਦਨਸ਼ੀਲ ਦਿਲ ’ਤੇ ਇਕ ਵੱਡੀ ਸੱਟ ਸੀ। ਸਾਲੇਵਾਨ ਆਰਮੀ ਹਾਈ ਸਕੂਲ ਬਟਾਲਾ ਤੋਂ 1953 ਈ: ਵਿਚ ਦਸਵੀਂ ਪਾਸ ਕਰ ਕੇ ਬਾਅਦ ਵਿਚ ਸ਼ਿਵ ਕੁਮਾਰ ਨੇ ਬਿਨਾਂ ਕਿਸੇ ਡਿਗਰੀ ਪ੍ਰਾਪਤ ਕੀਤਿਆਂ ਹੀ ਤਿੰਨ ਕਾਲਜ ਬਦਲੇ। ਪਿਤਾ ਕਿ੍ਰਸ਼ਨ ਗੋਪਾਲ ਖ਼ੁਦ ਤਹਿਸੀਲਦਾਰ ਸਨ। ਉਹ ਸੋਚਦੇ ਸਨ ਕਿ ਸ਼ਿਵ ਪੜ੍ਹ-ਲਿਖ ਕੇ ਵਧੀਆ ਅਹੁਦੇ ’ਤੇ ਬੈਠ ਕੇ ਮਾਣ ਕਮਾਵੇ ਪਰ ਸ਼ਿਵ ਦਰਦਾਂ ਦਾ ਸਾਥੀ, ਪੀੜਾਂ ਦਾ, ਬਿਰਹਾ ਦਾ ਨੇੜਲਾ ਸੰਗੀ, ਕੁਦਰਤ ਦੀ ਸਾਰ ਪਾਉਣ ਵਾਲਾ, ਧਰਤੀ ਦਾ ਪੁੱਤਰ, ਅਤੇ ਬੌਧਿਕਤਾ ਦਾ ਮੁਜੱਸਮਾ, ਵੱਡਾ ਸ਼ਾਇਰ ਬਣ ਗਿਆ।
ਬੇਸ਼ੱਕ ਪਿਤਾ ਦੇ ਕਹੇ-ਕਹਾਏ ਇਕ ਵਾਰੀ ਉਹ ਪਿੰਡ ਅਰਲੀਭੰਨ ਵਿਚ ਪਟਵਾਰੀ ਬਣ ਵੀ ਗਿਆ ਪਰ ਅਫਸਰਾਂ ਦਾ ਹੰਕਾਰ ਅਤੇ ਸ਼ਿਵ ਦਾ ਫ਼ਕੀਰਾਨਾ ਸੁਭਾਅ ਬਹੁਤਾ ਚਿਰ ਨਾਲੋ-ਨਾਲ ਨਾ ਚੱਲ ਸਕੇ। ਹਾਂ, ਖੇਤਾਂ, ਜੱਟਾਂ ਨਾਲ ਘੁਲ਼-ਮਿਲ ਕੇ ਸ਼ਬਦਾਂ ਪੱਖੋਂ ਹੋਰ ਅਮੀਰ ਹੋ ਗਿਆ।
ਪਟਵਾਰੀ ਤਾਂ ਐਹੋ ਜਿਹਾ ਸੀ ਓਹ… ਇਕ ਵਾਰ ਜੱਟਾਂ ਤੋਂ ਸਾਢੇ ਸੱਤ ਸੌ ਰੁਪਏ ਮਾਮਲਾ ਉਗਰਾਹ ਲਿਆਇਆ। ਸਰਕਾਰੀ ਪੈਸਾ ਸੀ। ਤਹਿਸੀਲਦਾਰ ਕੋਲ਼ੇ ਜਮ੍ਹਾਂ ਨਹੀਂ ਕਰਵਾਇਆ। ਤਹਿਸੀਲਦਾਰ ਉਹਨੂੰ ਸਸਪੈਂਡ ਕਰਨ ਨੂੰ ਕਹੀ ਜਾਵੇ। ਤਾਂ ਉਸਦੀਆਂ ਕਵਿਤਾਵਾਂ ਦੀ ਆਸ਼ਕ ਕੁੜੀ ਜੋ ਸ਼ਿਵ ਨੂੰ ਦੁਖੀ ਨਹੀਂ ਦੇਖ ਸਕਦੀ ਸੀ, ਓਹਨੇ ਜਾ ਭਰਿਆ ਸਾਰੇ ਦਾ ਸਾਰਾ ਪੈਸਾ। 1960 ਵਿਚ ਸ਼ਿਵ ਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ। 1966 ਤਕ ਬੇਰੁਜ਼ਗਾਰ ਹੀ ਰਿਹਾ।
ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ-ਕਦਾਈਂ ਕਵੀ-ਦਰਬਾਰਾਂ ਵਿਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਮਾੜੀ-ਮੋਟੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿਚ ਕਲਰਕ ਦੀ ਨੌਕਰੀ ਕਰ ਲਈ। 5 ਫਰਵਰੀ 1967 ਨੂੰ ਸ਼ਿਵ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇਕ ਪਿੰਡ ‘ਕੀੜੀ ਮੰਗਿਆਲ’ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਹਫਤੇ ਵਿਚ ਇਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ।
ਉਹ ਫ਼ਕੀਰਾਂ ਵਰਗੀ ਤਬੀਅਤ ਦਾ ਬੇਪਰਵਾਹ ਬੰਦਾ ਸੀ। ਅਮਰਜੀਤ ਗੁਰਦਾਸਪੁਰੀ ਦੱਸਦਾ ਹੈ ਕਿ ਇਕ ਵਾਰੀ ਕਾਦੀਆਂ ਵਾਲੇ ਫਾਟਕ ਕੋਲ਼ੇ ਇਕ ਪਾਂਡੀ ਨੇ ਮੋਢੇ ’ਤੇ ਹੱਥ ਰੱਖ ਕੇ ਉਧਾਰ ਲਏ ਪੈਸੇ ਮੰਗੇ ਤਾਂ ਸਾਨੂੰ ਗੁੱਸਾ ਆਇਆ ਤੇ ਅਸੀਂ ਪਾਂਡੀ ਨੂੰ ਝਿੜਕਣ ਲੱਗੇ,‘‘ਤੂੰ ਹੁੰਦਾ ਕੌਣ ਐਂ ਸਾਡੇ ਯਾਰ ਨੂੰ ਬਦਨਾਮ ਕਰਨ ਵਾਲਾ…!’’ ਪਰ ਸ਼ਿਵ ਨੇ ਬੜੇ ਤਪਾਕ ਨਾਲ ਉਸ ਪਾਂਡੀ ਨੂੰ ਜੱਫੀ ਪਾਈ ਤੇ ਕਿਹਾ,“ਨਾ ਯਾਰੋ..! ਇਹ ਮੇਰਾ ਯਾਰ ਹੈ ਪੱਕਾ, ਮੁਹੱਬਤ ਹੈ ਮੈਨੂੰ ਇਸ ਨਾਲ..! ਪੈਸੇ ਮੈਂ ਸੱਚੀਓਂ ਲਏ ਹੋਏ ਐ ਇਹਤੋਂ..!’’
‘ਪੀੜਾਂ ਦਾ ਪਰਾਗਾ’ ਕਿਤਾਬ ਤੋਂ ਸ਼ੁਰੂ ਹੋ ਕੇ ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਦਰਦਮੰਦਾਂ ਦੀਆਂ ਆਹੀਂ’, ‘ਬਿਰਹਾ ਤੂੰ ਸੁਲਤਾਨ’, ‘ਮੈਂ ਤੇ ਮੈਂ’, ‘ਆਰਤੀ’ ਅਤੇ ਮਸ਼ਹੂਰ ਕਾਵਿ-ਨਾਟ ‘ਲੂਣਾ’ ਦੀ ਸਿਰਜਣਾ ਕੀਤੀ। ਲੂਣਾ ਲਈ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸ਼ਿਵ ਦੇ ਨੇੜੇ ਰਹਿਣ ਵਾਲੇ ਦੱਸਦੇ ਹਨ ਕਿ ਸ਼ਿਵ ਬਣ-ਠਣ ਕੇ ਰਹਿਣ ਦਾ ਸ਼ੌਕੀਨ ਸੀ। ਸੋਹਣੇ ਕੱਪੜੇ ਪਾ ਕੇ ਰੱਖਣਾ ਸੁਭਾਅ ਸੀ ਉਸਦਾ। ਉਹ ਕੁੜੀਆਂ ਨੂੰ ਸੰਦਲ ਵਰਗੀ ਪੋਰੀ ਨਜ਼ਰ ਆਉਂਦਾ, ਦਿਲ ਖਿੱਚਵੀਂ ਸ਼ਾਇਰੀ ਤੇ ਸ਼ੌਕੀਨ ਹੋਣ ਕਾਰਨ ਹੀ ਓਹ ਨੌਜਵਾਨਾਂ ਦਾ ਚਹੇਤਾ ਸੀ।
ਸ਼ਿਵ ਕੁਮਾਰ ਕਿਸੇ ਵਰਗਾ ਜਾਂ ਧੜਿਆਂ ਜਾਂ ਬੰਦਸ਼ਾਂ ਦਾ ਗ਼ੁਲਾਮ ਨਹੀਂ ਸੀ, ਉਹ ਇਨ੍ਹਾਂ ਨੂੰ ਸਾਰੇ ਪਸਾਰੇ ਵਿਚ ਰੁਕਾਵਟ ਮੰਨਦਾ ਹੈ, ਉਹ ਲਿਖਦਾ ਹੈ:-
ਕੰਧਾਂ ਕੰਧਾਂ ਕੰਧਾਂ
ਏਧਰ ਕੰਧਾਂ ਓਧਰ ਕੰਧਾਂ
ਕਿੰਝ ਕੰਧਾਂ ’ਚੋਂ ਲੰਘਾਂ।
ਮੇਰੇ ਮੱਥੇ ਦੇ ਵਿਚ ਕੰਧਾਂ
ਕੰਧਾਂ ਦੇ ਵਿਚ ਕੰਧਾਂ
ਮੇਰੇ ਢਿੱਡ ਵਿਚ ਕੰਧਾਂ ਕੰਧਾਂ
ਕਿਹਨੂੰ-ਕਿਹਨੂੰ ਵੰਡਾਂ
ਮੈਨੂੰ ਜੱਗ ਨੇ ਕੰਧਾਂ ਦਿੱਤੀਆਂ
ਮੈਂ ਕੀ ਜੱਗ ਨੂੰ ਵੰਡਾਂ।
ਸ਼ਿਵ ਧਰਤੀ ਦਾ ਪੁੱਤਰ ਸੀ, ਕੁਦਰਤ ਦਾ ਸਭ ਤੋਂ ਨੇੜਲਾ ਸਾਥੀ। ਅੰਮਿ੍ਰਤਾ ਪ੍ਰੀਤਮ ਕਹਿੰਦੀ ਹੈ ਕਿ ਸ਼ਿਵ ਦੀਆਂ ਕਿਰਤਾਂ ਵਿਚ ਰੁੱਖ, ਬੂਟੇ, ਭੱਠੀਆਂ-ਪਰਾਗੇ, ਹਲ਼-ਪੰਜਾਲੀ ਜਿਹਾ ਦਿ੍ਰਸ਼ ਵਾਤਾਵਰਨ ਬੇਸ਼ੱਕ ਪੰਜਾਬ ਦਾ ਸੀ ਪਰ ਉਸਦਾ ਦਰਦ ਪੂਰੀ ਦੁਨੀਆ ਦਾ ਸੀ… ਪਰ ਕਾਸ਼ ਓਹਦੇ ਦਰਦ ਨੂੰ ਸਮਝਣ ਵਾਲੇ ਦਰਦੀ ਵੀ ਮਿਲ ਜਾਣ।
ਗੁਰਭਜਨ ਗਿੱਲ ਕਹਿੰਦਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਅਜੇ ਸ਼ਿਵ ਦੀਆਂ ਕਿਰਤਾਂ ਨੂੰ ਸਮਝਣ ਦੀ ਵਿਹਲ ਹੀ ਨਹੀਂ ਕੱਢੀ। ਅਜੇ ਤੀਕ ਤਾਂ ਅਸੀਂ ਰੋਟੀ ਨੂੰ ਗੋਲ਼ ਕਰਨ ਦੇ ਆਹਰ ਵਿਚ ਹੀ ਲੱਗੇ ਹੋਏ ਹਾਂ। ਕੁਝ ਕੁ ਆਲੋਚਕਾਂ ਨੇ ਤਾਂ ਉਸਦੇ ਦਰਦਾਂ ਨੂੰ ਨਿੱਜੀ ਰੁਮਾਂਸ ਦੇ ਰੋਣੇ-ਧੋਣੇ ਤਕ ਵੀ ਕਹਿ ਦਿੱਤਾ ਪ੍ਰੰਤੂ ਸ਼ਿਵ ਦੀ ਬੌਧਿਕ ਚੇਤਨਾ ਇੰਨੀ ਵਿਸ਼ਾਲ ਸੀ ਕਿ ਓਹ ਆਪਣੇ ਸਮੇਂ ਤੋਂ ਅਗਾਂਹ ਦਾ ਕਵੀ ਸਾਬਤ ਹੋਇਆ।
ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਘਟਨਾ ’ਤੇ ਲਿਖੀਆਂ ਕਵਿਤਾਵਾਂ ‘ਸੱਚਾ ਵਣਜਾਰਾ’ ਅਤੇ ‘ਸੱਚਾ ਸਾਧ’ ਉਸਦੀਆਂ ਕਾਫੀ ਉੱਚੀਆਂ ਰਚਨਾਵਾਂ ਹਨ। ਇਹ ਸ਼ਾਇਦ ਉਸਦੀ ਆਪਣੀ ਜ਼ਿੰਦਗੀ ਦੀ ਵੀ ਤ੍ਰਾਸਦੀ ਸੀ।
ਪੰਜਾਬ ਅਤੇ ਪੰਜਾਬੀਅਤ ਦੇ ਪੁੱਤ ਸ਼ਿਵ ਨੂੰ ਪੰਜਾਬ ਨਾਲ ਅੰਦਰੋਂ ਮੋਹ ਸੀ, ਪੰਜਾਬ ਦਾ ਫ਼ਿਕਰ ਕਰਦਾ ਲਿਖਦਾ ਹੈ :-
ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ ’ਤੇ ਪਾ ਗਿਆ
ਤਿ੍ਰੰਞਣਾਂ ’ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ.!

 

ਉਹ ਪਹਿਲਾ ਮਾਡਰਨ ਪੰਜਾਬੀ ਸ਼ਾਇਰ ਸੀ। ਸ਼ਿਵ ਦੇ ਗੀਤਾਂ ਨੂੰ ਗਲ਼ੀ-ਗਲ਼ੀ ਲੋਕਾਂ ਨੇ ਲੋਕ-ਗੀਤਾਂ ਵਾਂਗ ਗਾਇਆ, ‘ਇਕ ਮੇਰੀ ਅੱਖ ਕਾਸ਼ਨੀ’, ‘ਲੱਛੀ ਕੁੜੀ ਵਾਢੀਆਂ ਕਰੇ’,‘ਬਣ ਗਈ ਮੈਂ ਸੂਬੇਦਾਰਨੀ’, ‘ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾ’, ‘ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ’, ‘ਇਕ ਕੁੜੀ ਜੀਹਦਾ ਨਾਮ ਮੁਹੱਬਤ’ ਜਿਹੇ ਅਮਰ ਬੋਲਾਂ ਦੇ ਗੀਤਾਂ ਦਾ ਰਚੇਤਾ ਲੋਕਾਂ ਦਾ ਹਰਮਨ ਪਿਆਰਾ ਸ਼ਾਇਰ ਸ਼ਿਵ ਕੁਮਾਰ ਅੱਜ ਵੀ ਲੋਕ ਦਿਲਾਂ ਵਿਚ ਜਿਓਂ ਦੀ ਤਿਓਂ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ। ਕੁਝ ਲੋਕ ਕਹਿੰਦੇ ਹਨ ਕਿ ਜੇ ਸ਼ਿਵ ਇੰਗਲੈਂਡ ਨਾ ਜਾਂਦਾ ਤਾਂ ਸ਼ਾਇਦ ਬਚ ਜਾਂਦਾ ਕਿਉਂਕਿ ਓਥੋਂ ਦਾ ਖਾਣ-ਪੀਣ ਤੇ ਆਬੋ-ਹਵਾ ਉਸਦੇ ਰਾਸ ਨਹੀਂ ਆਏ। ਉੱਥੇ ਯਾਰ ਵੀ ਐਹੋ-ਜਿਹੇ ਮਿਲ ਗਏ ਕਿ ਬਸ ਸ਼ਰਾਬ ਪੀਈ ਜਾਣੀ, ਕਵਿਤਾਵਾਂ ਸੁਣੀ ਜਾਣੀਆਂ। ਅਸਲ ਵਿਚ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੂੰ ਲਿਵਰ ਸਿਰੋਸਿਸ ਹੋ ਗਿਆ ਸੀ। ਇਹ ਹੀ ਉਸਦੀ ਮੌਤ ਦਾ ਕਾਰਨ ਬਣਿਆ। ਇੰਗਲੈਂਡ ਤੋਂ ਮੁੜਦਿਆਂ ਹੀ ਇਹ ਹਰਮਨ ਪਿਆਰਾ ਸ਼ਾਇਰ 6 ਮਈ 1973 ਈ: ਵਿਚ ਨੂੰ ਸਾਥੋਂ ਸਦਾ ਲਈ ਵਿੱਛੜ ਗਿਆ।
Featured Literary