ਅਮਰੀਕਾ ’ਚ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ

ਵਾਸ਼ਿੰਗਟਨ,

ਅਮਰੀਕਾ ਰਹਿੰਦੇ ਭਾਰਤੀ ਭਾਈਚਾਰੇ ਨੇ ਚਾਰ ਰੋਜ਼ਾ ਫੇਰੀ ਤਹਿਤ ਵਾਸ਼ਿੰਗਟਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਸ੍ਰੀ ਮੋਦੀ ਨੇ ਕੁੱਲ ਆਲਮ ਵਿੱਚ ਬਣਾਈ ਵਿਲੱਖਣ ਪਛਾਣ ਲਈ ਭਾਰਤੀ ਭਾਈਚਾਰੇ ਦੀ ਤਾਰੀਫ਼ ਕੀਤੀ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਹੋਰਨਾਂ ਅਮਰੀਕੀ ਅਧਿਕਾਰੀਆਂ ਨੇ ਸ੍ਰੀ ਮੋਦੀ ਨੂੰ ਹਵਾਈ ਅੱਡੇ ’ਤੇ ਜੀ ਆਇਆਂ ਆਖਿਆ। ਸ੍ਰੀ ਮੋਦੀ ਦੀ ਇਹ ਫੇਰੀ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਲਈ ਕਾਫ਼ੀ ਅਹਿਮ ਹੈ। ਸ੍ਰੀ ਮੋਦੀ ਅੱਜ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਮਿਲਣਗੇ ਜਦੋਂਕਿ ਅਮਰੀਕੀ ਸਦਰ ਜੋਅ ਬਾਇਡਨ ਨਾਲ ਸ਼ੁੱਕਰਵਾਰ ਨੂੰ ਮਿਲਣਗੇ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਅੱਜ ਅਮਰੀਕੀ ਕੰਪਨੀਆਂ ਦੇ ਸੀਈਓ’ਜ਼ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ’ਚੋਂ ਦੋ ਭਾਰਤੀ-ਅਮਰੀਕੀ ਹਨ। ਸ੍ਰੀ ਮੋਦੀ ਨੇ ਯੂਐੱਨ ਆਮ ਸਭਾ ਦੇ ਇਜਲਾਸ ਨੂੰ ਵੀ ਸੰਬੋਧਨ ਕਰਨਾ ਹੈ।

ਨਵੀਂ ਦਿੱਲੀ:ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਕਥਿਤ ਮਹਿਜ਼ ਫੋਟੋ ਖਿਚਵਾਉਣ ਦੇ ਮੌਕੇ ਤੱਕ ਸੀਮਤ ਕਰ ਛੱਡਿਆ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਦੇ ਇਸੇ ਰਵੱਈਏ ਕਰਕੇ ਕਈ ਅਹਿਮ ਮਸਲੇ ਹੱਲ ਹੋਣ ਖੁਣੋਂ ਅਜੇ ਤੱਕ ‘ਗੱਲਬਾਤ ਦੀ ਮੇਜ਼’ ਤੱਕ ਨਹੀਂ ਪੁੱਜ ਸਕੇ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤ ਤੇ ਇਸ ਦੇ ਲੋਕਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣਗੇ। ਸ੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਵਿਦੇਸ਼ ਦੌਰੇ ’ਤੇ ਹੁੰਦੇ ਹਨ ਤਾਂ ਉਹ ਭਾਜਪਾ ਦੀ ਨਹੀਂ (ਜਿਸ ਦੇ ਉਹ ਆਗੂ ਹਨ) ਬਲਕਿ ਪੂਰੇ ਮੁਲਕ ਦੀ ਨੁਮਾਇੰਦਗੀ ਕਰਦੇ ਹਨ।