ਵਾਸ਼ਿੰਗਟਨ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ ਆਲਮ ਵਿੱਚ ਬਣਾਈ ਵਿਲੱਖਣ ਪਛਾਣ ਲਈ ਭਾਰਤੀ ਭਾਈਚਾਰੇ ਦੀ ਤਾਰੀਫ਼ ਕੀਤੀ ਹੈ। ਚਾਰ ਰੋਜ਼ਾ ਫੇਰੀ ਤਹਿਤ ਅਮਰੀਕਾ ਪੁੱਜੇ ਸ੍ਰੀ ਮੋਦੀ ਦਾ ਇਥੇ ਵਸਦੇ ਭਾਰਤੀ ਭਾਈਚਾਰੇ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸ੍ਰੀ ਮੋਦੀ ਦੀ ਇਸ ਫੇਰੀ ਨੂੰ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਭਲਕੇ ਅਮਰੀਕੀ ਸਦਰ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਮਿਲਣਗੇ। ਸ੍ਰੀ ਮੋਦੀ ਨੇ ਯੂਐੱਨ ਆਮ ਸਭਾ ਦੇ ਇਜਲਾਸ ਨੂੰ ਵੀ ਸੰਬੋਧਨ ਕਰਨਾ ਹੈ ਤੇ ਉਨ੍ਹਾਂ ਦਾ ਇਜਲਾਸ ਤੋਂ ਇਕਪਾਸੇ ਆਪਣੇ ਆਸਟਰੇਲਿਆਈ ਤੇ ਜਾਪਾਨ ਦੇ ਹਮਰੁਤਬਾਵਾਂ ਕ੍ਰਮਵਾਰ ਸਕੌਟ ਮੌਰੀਸਨ ਤੇ ਯੋਸ਼ੀਹਿਦੇ ਸੁਗਾ ਨਾਲ ਦੁਵੱਲੇ ਸੰਵਾਦ ਦਾ ਵੀ ਪ੍ਰੋਗਰਾਮ ਹੈ। ਸ੍ਰੀ ਮੋਦੀ ਚਾਰ ਮੁਲਕੀ ‘ਕੁਐਡ’ ਮੀਟਿੰਗ ਵਿੱਚ ਵੀ ਹਾਜ਼ਰੀ ਭਰਨਗੇ।
ਸ੍ਰੀ ਮੋਦੀ ਅੱਜ ਜਿਵੇਂ ਹੀ ਹਵਾਈ ਅੱਡੇ ’ਤੇ ਪੁੱਜੇ ਤਾਂ ਭਾਰਤੀ-ਅਮਰੀਕੀਆਂ ਦੇ ਸਮੂਹ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮਗਰੋਂ ਇਕ ਹੋਟਲ ਵਿੱਚ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਭਾਰਤੀ-ਅਮਰੀਕੀ ਸੀਈਓ’ਜ਼ ਦੇ ਵੀ ਰੂਬਰੂ ਹੋੲੇ। ਸ੍ਰੀ ਮੋਦੀ ਨੇ ਮਗਰੋਂ ਇਕ ਟਵੀਟ ਵੀ ਕੀਤਾ, ਜਿਸ ਵਿੱਚ ਉਨ੍ਹਾਂ ਸੀਈਓਜ਼ ਨਾਲ ਮੀਟਿੰਗ ਦੀਆਂ ਤਸਵੀਰਾਂ ਵੀ ਟੈਗ ਕੀਤੀਆਂ। ਸ੍ਰੀ ਮੋਦੀ ਨੇ ਕਿਹਾ, ‘‘ਭਾਰਤੀ ਭਾਈਚਾਰੇ ਨੇ ਪੂਰੇ ਵਿਸ਼ਵ ਵਿੱਚ ਜਿਸ ਤਰ੍ਹਾਂ ਆਪਣੀ ਨਿਵੇਕਲੀ ਪਛਾਣ ਬਣਾਈ ਹੈ, ਉਸ ਦੀ ਤਾਰੀਫ਼ ਕਰਨੀ ਬਣਦੀ ਹੈ।’’ ਪ੍ਰਧਾਨ ਮੰਤਰੀ ਅੱਜ ਜਿਨ੍ਹਾਂ ਪੰਜ ਸੀਈਓ’ਜ਼ ਨੂੰ ਮਿਲੇ ਉਨ੍ਹਾਂ ਵਿੱਚ ਦੋ ਭਾਰਤੀ-ਅਮਰੀਕੀ ਜਨਰਲ ਐਟੋਮਿਕਸ ਦੇ ਵਿਵੇਕ ਲਾਲ ਤੇ ਐਡੋਬ ਦੇ ਸ਼ਾਂਤਨੂ ਨਰਾਇਣ ਵੀ ਸ਼ਾਮਲ ਸਨ।
ਤਿੰਨ ਹੋਰਨਾਂ ਸੀਈਓਜ਼ ਕੁਆਲਕੌਮ ਦੇ ਕ੍ਰਿਸਟਿਆਨੋ ਈ. ਏਮੋਨ, ਫਰਸਟ ਸੋਲਰ ਦੇ ਮਾਰਕ ਵਿਡਮਰ ਤੇ ਬਲੈਕਸਟੋਨ ਦੇ ਸਟੀਫ਼ਨ ਏ.ਸ਼ਵਾਰਜ਼ਮੈਨ ਸਨ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕੰਪਨੀਆਂ ਦੇ ਮੁਖੀਆਂ ਨੂੰ ਭਾਰਤ ਵਿੱਚ ਮਿਲਣ ਵਾਲੇ ਆਰਥਿਕ ਮੌਕਿਆਂ ਬਾਰੇ ਦੱਸਿਆ। ਸ੍ਰੀ ਮੋਦੀ ਨੇ ਆਪਣੀ ਪਿਛਲੀ ਅਮਰੀਕੀ ਫੇਰੀ ਦੌਰਾਨ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਦੇ ਨਾਲ ਹਿਊਸਟਨ ਵਿੱਚ ‘ਹਾਊਡੀ ਮੋਦੀ’ ਈਵੈਂਟ ਤਹਿਤ ਹਿਊਸਟਨ ਵਿੱਚ ਭਾਰਤੀ-ਅਮਰੀਕੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਸੀ। ਹਾਲਾਂਕਿ ਕੋਵਿਡ-19 ਦੇ ਮੌਜੂਦਾ ਹਾਲਾਤ ਕਰਕੇ ਸ਼ਾਇਦ ਐਤਕੀਂ ਪ੍ਰਧਾਨ ਮੰਤਰੀ ਲਈ ਵੱਡੇ ਇਕੱਠ ਕਰਨੇ ਜਾਂ ਭਾਰਤੀ ਭਾਈਚਾਰੇ ਨੂੰ ਮਿਲਣਾ ਸੰਭਵ ਨਾ ਹੋਵੇ। ਪ੍ਰਧਾਨ ਮੰਤਰੀ ਮੋਦੀ ਭਾਰਤੀ-ਅਮਰੀਕੀਆਂ, ਜੋ ਕਿ ਮੁਲਕ ਦੀ ਕੁੱਲ ਆਬਾਦੀ ਦਾ 1.2 ਫੀਸਦ ਤੋਂ ਵੱਧ ਹਨ, ਵਿੱਚ ਕਾਫ਼ੀ ਮਕਬੂਲ ਹਨ। ਭਾਰਤੀ ਭਾਈਚਾਰੇ ਦੀ ਅਮਰੀਕੀ ਸਿਆਸਤ ਵਿੱਚ ਅਹਿਮ ਭੂਮਿਕਾ ਰਹੀ ਹੈ, ਜੋ ਲਗਾਤਾਰ ਵਧ ਰਹੀ ਹੈ।