ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਹਟਾਵੇਗਾ ਕੈਨੇਡਾ

ਓਟਵਾ : ਫੈਡਰਲ ਸਰਕਾਰ ਵੱਲੋਂ ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਤੋਂ ਕਈ ਮਹੀਨਿਆਂ ਤੋਂ ਜਾਰੀ ਪਾਬੰਦੀ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਹ ਸੱਭ ਕੋਵਿਡ-19 ਸਬੰਧੀ ਨਵੀਆਂ ਸਕਰੀਨਿੰਗ ਪ੍ਰੋਟੋਕਾਲਜ਼ ਲਾਗੂ ਹੋਣ ਤੋਂ ਬਾਅਦ ਹੀ ਸੰਭਵ ਹੋਵੇਗਾ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਟਰਾਂਸਪੋਰਟ ਕੈਨੇਡਾ ਨੇ ਆਖਿਆ ਕਿ ਮੌਜੂਦਾ ਪਾਬੰਦੀਆਂ ਵਿੱਚ 26 ਸਤੰਬਰ ਤੱਕ ਰਾਤ ਦੇ 11:59 ਵਜੇ ਤੱਕ ਵਾਧਾ ਕੀਤਾ ਜਾਵੇਗਾ। ਵੈਸੇ ਵੀ ਇਹ ਪਾਬੰਦੀਆਂ ਉਸੇ ਦਿਨ ਹੀ ਖਤਮ ਹੋਣ ਜਾ ਰਹੀਆਂ ਸਨ। ਉਸ ਸਮੇਂ ਤੱਕ ਭਾਰਤ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਡਿਪਾਰਚਰ ਤੋਂ 18 ਘੰਟੇ ਦੇ ਅੰਦਰ ਅੰਦਰ ਦਿੱਲੀ ਏਅਰਪੋਰਟ ਉੱਤੇ ਸਥਿਤ ਮਨਜ਼ੂਰਸ਼ੁਦਾ ਜੀਨਸਟ੍ਰਿੰਗਜ਼ ਲੈਬੋਰੇਟਰੀ ਤੋਂ ਕੋਵਿਡ-19 ਦਾ ਨੈਗੇਟਿਵ ਮੌਲੀਕਿਊਲਰ ਟੈਸਟ ਕਰਵਾਏ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਨੂੰ ਆਪਣੀ ਵੈਕਸੀਨੇਸ਼ਨ ਦਾ ਵੇਰਵਾ ਐਰਾਈਵਕੈਨ ਐਪ ਜਾਂ ਵੈੱਬਸਾਈਟ ਉੱਤੇ ਅਪਲੋਡ ਕਰਨਾ ਹੋਵੇਗਾ।
ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਾ ਕਰ ਸਕਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਜਾਵੇਗਾ। ਜਿਹੜੇ ਟਰੈਵਲਰਜ਼ ਅਸਿੱਧੇ ਰੂਟ ਰਾਹੀਂ ਭਾਰਤ ਤੋਂ ਕੈਨੇਡਾ ਆਉਣਗੇ ਉਨ੍ਹਾਂ ਨੂੰ ਡਿਪਾਰਚਰ ਤੋਂ 72 ਘੰਟੇ ਦੇ ਅੰਦਰ ਅੰਦਰ ਤੀਜੀ ਕੰਟਰੀ ਤੋਂ ਨੈਗੇਟਿਵ ਮੌਲੀਕਿਊਲਰ ਟੈਸਟ ਪੇਸ਼ ਕਰਨਾ ਹੋਵੇਗਾ। ਟਰਾਂਸਪੋਰਟ ਕੈਨੇਡਾ ਨੇ ਆਖਿਆ ਕਿ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਪਹਿਲਾਂ ਤਿੰਨ ਡਾਇਰੈਕਟ ਫਲਾਈਟਸ ਭਾਰਤ ਤੋਂ ਬੁੱਧਵਾਰ ਨੂੰ ਕੈਨੇਡਾ ਪਹੁੰਚਣਗੀਆਂ ਤੇ ਇੱਥੇ ਪਹੁੰਚਣ ਉਪਰੰਤ ਸਾਰੇ ਪੈਸੈਂਜਰਜ਼ ਦੀ ਵਾਇਰਸ ਸਬੰਧੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੇਂ ਮਾਪਦੰਡ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਜਿ਼ਕਰਯੋਗ ਹੈ ਕਿ ਕੈਨੇਡਾ ਨੇ 22 ਅਪਰੈਲ ਨੂੰ ਭਾਰਤ ਤੋਂ ਆਉਣ ਵਾਲੀਆਂ ਡਾਇਰੈਕਟ ਉਡਾਨਾਂ ਉੱਤੇ ਪਾਬੰਦੀ ਲਾ ਦਿੱਤੀ ਸੀ। ਅਜਿਹਾ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਸੀ।