ਚੰਡੀਗੜ੍ਹ,
ਪੰਜਾਬ ਮੰਤਰੀ ਮੰਡਲ ਵਿੱਚ ਵਾਧੇ ’ਤੇ ਆਖਰੀ ਮੋਹਰ ਲਾਏ ਜਾਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਮੁੜ ਦਿੱਲੀ ਸੱਦ ਲਿਆ ਹੈ। ਚੰਨੀ ਅੱਜ ਤੜਕਸਾਰ ਹੀ ਦਿੱਲੀ ਤੋਂ ਪੰਜਾਬ ਵਾਪਸ ਪਰਤੇ ਸਨ ਕਿ ਉਨ੍ਹਾਂ ਨੂੰ ਮੁੜ ਸ਼ਾਮ ਵੇਲੇ ਫਿਰ ਦਿੱਲੀ ਬੁਲਾ ਲਿਆ ਗਿਆ ਹੈ। ਪਿਛਲੇ ਚਾਰ ਦਿਨਾਂ ’ਚ ਮੁੱਖ ਮੰਤਰੀ ਨੂੰ ਤੀਸਰੀ ਦਫ਼ਾ ਦਿੱਲੀ ਜਾਣਾ ਪਿਆ ਹੈ। ਇਸ ਦੌਰਾਨ ਚੰਨੀ ਰਾਤ ਸਵਾ ਦਸ ਵਜੇ ਦੇ ਕਰੀਬ ਮੀਿਟੰਗ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਪੁੱਜੇ। ਮੀਿਟੰਗ ਵਿੱਚ ਕੇਸੀ ਵੇਣੂਗੋਪਾਲ, ਅਜੈ ਮਾਕਨ, ਹਰੀਸ਼ ਰਾਵਤ ਤੇ ਹੋਰ ਆਗੂ ਮੌਜੂਦ ਸਨ। ਮੀਿਟੰਗ ਦੇਰ ਰਾਤ ਚਲਣ ਦੀ ਸੰਭਾਵਨਾ ਹੈ। ਸ੍ਰੀ ਚੰਨੀ ਅੱਜ ਸ਼ਾਮੀਂ ਸੱਤ ਵਜੇ ਦੇ ਕਰੀਬ ਕਪੂਰਥਲਾ ਹਾਊਸ ਪੁੱਜ ਗਏ ਸਨ, ਜਿੱਥੇ ਦੇਰ ਸ਼ਾਮ ਉਨ੍ਹਾਂ ਨੂੰ ਮਿਲਣ ਲਈ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਪਹੁੰਚੇ। ਵੇਰਵਿਆਂ ਅਨੁਸਾਰ ਪੰਜਾਬ ਕੈਬਨਿਟ ਨੂੰ ਲੈ ਕੇ ਕੁਝ ਖਾਸ ਨਾਵਾਂ ’ਤੇ ਘੁੰਡੀ ਫਸ ਗਈ ਹੈ, ਜਿਸ ਨੇ ਹਾਈਕਮਾਨ ਨੂੰ ਕਸੂਤਾ ਫਸਾ ਦਿੱਤਾ ਹੈ। ਉਪਰੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਗ਼ੀ ਸੁਰਾਂ ਕਰਕੇ ਪਾਰਟੀ ਹਾਈਕਮਾਨ ਕੈਬਨਿਟ ਵਾਧੇ ਦੇ ਮੱਦੇਨਜ਼ਰ ਕੋਈ ਸਿਆਸੀ ਮੌਕਾ ਅਮਰਿੰਦਰ ਕੈਂਪ ਨੂੰ ਨਹੀਂ ਦੇਣਾ ਚਾਹੁੰਦੀ ਹੈ। ਅਨੁਮਾਨ ਹੈ ਕਿ ਜਲਦੀ ਹੀ ਨਵੀਂ ਕੈਬਨਿਟ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਅਨੁਸਾਰ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਮੁੱਖ ਸਕੱਤਰ ਦਫ਼ਤਰ ਵੱਲੋਂ ਹਲਫ਼ਦਾਰੀ ਸਮਾਗਮਾਂ ਦੇ ਪ੍ਰਬੰਧਾਂ ਵਾਸਤੇ ਸਬੰਧਿਤ ਵਿਭਾਗਾਂ ਨੂੰ ਤਿਆਰੀ ਰੱਖਣ ਲਈ ਆਖ ਦਿੱਤਾ ਗਿਆ ਹੈ। ਦਿੱਲੀ ਤੋਂ ਮਿਲੇ ਵੇਰਵਿਆਂ ਅਨੁਸਾਰ ਅੱਜ ਰਾਹੁਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮਿਲੇ ਹਨ। ਸ੍ਰੀ ਜਾਖੜ ਨੇ ਅੱਜ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਫੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਫੈਸਲੇ ਨੇ ਵਿਰੋਧੀ ਧਿਰਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਸ੍ਰੀ ਜਾਖੜ ਨੇ ਮੀਟਿੰਗ ਮਗਰੋਂ ਏਨਾ ਹੀ ਕਿਹਾ ਕਿ ਅੱਜ ਰਾਹੁਲ ਗਾਂਧੀ ਨਾਲ ਸੁਖਾਵੇਂ ਮਾਹੌਲ ਵਿਚ ਲੰਮੀ ਮੀਟਿੰਗ ਹੋਈ ਹੈ। ਇਸ ਤੋਂ ਪਹਿਲਾ ਸੂਤਰਾਂ ਨੇ ਕਿਹਾ ਸੀ ਕਿ ਚੰਨੀ ਦੀ ਹਾਈ ਕਮਾਨ ਨਾਲ ਮੀਟਿੰਗ ਹੋਵੇਗੀ ਜਿਸ ਵਿਚ ਕੈਬਨਿਟ ਵਾਧੇ ’ਤੇ ਆਖਰੀ ਮੋਹਰ ਲੱਗੇਗੀ। ਇਸੇ ਦੌਰਾਨ ਚੰਨੀ ਨੇ ਦੇਰ ਸ਼ਾਮ ਟਵੀਟ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਇਕੱਠਿਆਂ ਲਿਜਾਣ ਦਾ ਦਿ੍ਰੜ ਇਰਾਦਾ ਪ੍ਰਗਟਾਇਆ। ਹਾਈਕਮਾਨ ਦੀ ਕੋਸ਼ਿਸ਼ ਰਹੇਗੀ ਕੈਬਨਿਟ ਵਾਧੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਨਾਰਾਜ਼ ਵਿਧਾਇਕਾਂ ਨੂੰ ਹੱਥ ਵਿਚ ਕਰਨ ਦਾ ਕੋਈ ਮੌਕਾ ਨਾ ਲੱਗੇ। ਹਾਈਕਮਾਨ ਵੱਲੋਂ ਮੁੱਖ ਮੰਤਰੀ ਨਾਲ ਪੰਜਾਬ ਦੇ ਨਵੇਂ ਲਾਏ ਜਾਣ ਵਾਲੇ ਡੀਜੀਪੀ ਅਤੇ ਐਡਵੋਕੇਟ ਜਨਰਲ ਦਾ ਮਾਮਲਾ ਵੀ ਵਿਚਾਰਿਆ ਜਾਣਾ ਹੈ। ਇਸੇ ਦੌਰਾਨ ਮੁੱਖ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ.ਸੋਨੀ ਨੂੰ ਕਾਰਜ ਭਾਰ ਸੰਭਾਲਣ ਦੀ ਮਿਤੀ ਤੋਂ ਉਪ ਮੁੱਖ ਮੰਤਰੀ ਮਨੋਨੀਤ ਕੀਤਾ ਗਿਆ ਹੈ।