ਰਾਹੁਲ ਵੱਲੋਂ ਜਾਖੜ ਨੂੰ ਮੁੜ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼

ਚੰਡੀਗੜ੍ਹ:ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਰੀਬ 11.30 ਵਜੇ ਮੀਟਿੰਗ ਦੌਰਾਨ ਮੁੜ ਸੁਨੀਲ ਜਾਖੜ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇੇਸ਼ਕਸ਼ ਕੀਤੀ, ਜਿਸ ਤੋਂ ਸਾਫ ਹੈ ਕਿ ਹਾਈਕਮਾਨ ਪੰਜਾਬ ਵਿਚ ਤਿੰਨ ਉਪ ਮੁੱਖ ਮੰਤਰੀ ਬਣਾਉਣ ਦੇ ਰੌਂਅ ਵਿਚ ਹੈ। ਸੁਨੀਲ ਜਾਖੜ ਪਹਿਲਾਂ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਸਨ। ਹਾਈਕਮਾਨ ਹੁਣ ਜਾਖੜ ਨੂੰ ਮਨਾਉਣ ਵਿਚ ਲੱਗੀ ਹੋਈ ਹੈ, ਪਰ ਉਨ੍ਹਾਂ ਨੇ ਅੱਜ ਫਿਰ ਉਪ ਮੁੱਖ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਹੈ। ਰਾਹੁਲ ਗਾਂਧੀ ਨਾਲ ਮੀਟਿੰਗ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਵੀ ਪੁੱਜ ਗਏ, ਜਿਨ੍ਹਾਂ ਨੇ ਜਾਖੜ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਲੈਣ ਲਈ ਜ਼ੋਰ ਪਾਇਆ। ਪਤਾ ਲੱਗਾ ਹੈ ਕਿ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ ਅਤੇ ਉਹ ਪਾਰਟੀ ਨਾਲ ਪੂਰੀ ਤਰ੍ਹਾਂ ਡਟ ਕੇ ਖੜ੍ਹੇ ਹਨ।