ਮੋਦੀ ਵੱਲੋਂ ਮੌਰੀਸਨ ਤੇ ਸੁਗਾ ਨਾਲ ਮੁਲਾਕਾਤ

ਵਾਸ਼ਿੰਗਟਨ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਆਪਣੀ ਫੇਰੀ ਦੌਰਾਨ ਜਾਪਾਨ ਤੇ ਆਸਟਰੇਲੀਆ ਦੇ ਆਪਣੇ ਹਮਰੁਤਬਾ ਕ੍ਰਮਵਾਰ ਯੋਸ਼ੀਹਿਦੇ ਸੁਗਾ ਤੇ ਸਕੌਟ ਮੌਰੀਸਨ ਨਾਲ ਵੱਖੋ-ਵੱਖਰੇ ਤੌਰ ’ਤੇ ਮੀਟਿੰਗਾਂ ਕੀਤੀਆਂ। ਸੁਗਾ ਨਾਲ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ਮੁਕਤ ਤੇ ਮੋਕਲਾ ਬਣਾਉਣ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਸ੍ਰੀ ਮੋਦੀ ਤੇ ਸੁਗਾ ਨੇ ਦੁਵੱਲੇ ਸੁਰੱਖਿਆ ਤੇ ਰੱਖਿਆ ਤਾਲਮੇਲ ਨੂੰ ਵਧਾਉਣ ਸਮੇਤ ਰੱਖਿਆ ਸਾਜ਼ੋ-ਸਾਮਾਨ ਤੇ ਤਕਨਾਲੋਜੀ ਦੇ ਵਟਾਂਦਰੇ ਨੂੰ ਵਧਾਉਣ ’ਤੇ ਵੀ ਸਹਿਮਤੀ ਦਿੱਤੀ। ਸ੍ਰੀ ਮੋਦੀ ਨੇ ਸੁਗਾ ਦਾ ਉਨ੍ਹਾਂ ਦੀ ਨਿੱਜੀ ਵਚਨਬੱਧਤਾ ਤੇ ਲੀਡਰਸ਼ਿਪ ਲਈ ਧੰਨਵਾਦ ਕੀਤਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਦੋਵਾਂ ਪ੍ਰਧਾਨ ਮੰੰਤਰੀਆਂ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਤੇ ਨਜ਼ਰਸਾਨੀ ਕਰਨ ਦੇ ਨਾਲ ਅਫ਼ਗ਼ਾਨਿਸਤਾਨ ਸਮੇਤ ਹਾਲੀਆ ਆਲਮੀ ਤੇ ਖੇਤਰੀ ਘਟਨਾਵਾਂ ’ਤੇ ਇਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮੁਕਤ ਤੇ ਮੋਕਲੇ ਭਾਰਤ-ਪ੍ਰਸ਼ਾਂਤ ਖਿੱਤੇ ਬਾਰੇ ਆਪਣੀਆਂ ਵਚਨਬੱਧਤਾਵਾਂ ਨੂੰ ਵੀ ਦੁਹਰਾਇਆ।’’ ਸ੍ਰੀ ਮੋਦੀ ਤੇ ਸੁਗਾ ਨੇ ਦੋਵਾਂ ਮੁਲਕਾਂ ਦਰਮਿਆਨ ਵਧਦੇ ਆਰਥਿਕ ਇਕਰਾਰਾਂ ਦਾ ਵੀ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਨੇ ਇਕ ਟਵੀਟ ’ਚ ਕਿਹਾ, ‘‘ਮੀਟਿੰਗ ਦੌਰਾਨ ਭਾਰਤ-ਪ੍ਰਸ਼ਾਂਤ, ਖੇਤਰੀ ਘਟਨਾਵਾਂ, ਸਪਲਾਈ ਚੇਨ, ਵਣਜ, ਡਿਜੀਟਲ ਅਰਥਚਾਰੇ ਤੇ ਦੋਵਾਂ ਮੁਲਕਾਂ ਦੇ ਲੋਕਾਂ ’ਚ ਸਬੰਧਾਂ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ ਗਈ।’’ ਸ੍ਰੀ ਮੋਦੀ ਨੇ ਮੈਨੂਫੈਕਚਰਿੰਗ, ਐੱਮਐੱਮਐੱਮਈ ਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ’ਤੇ ਵੀ ਦੋਵਾਂ ਮੁਲਕਾਂ ਨੇ ਵਚਨਬੱਧਤਾ ਦੁਹਰਾਈ।

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਨੇੜ ਭਵਿੱਖ ਹੋਣ ਵਾਲੀ ਭਾਰਤ-ਜਾਪਾਨ ਸਾਲਾਨਾ ਵਾਰਤਾ ਲਈ ਜਾਪਾਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਬੇਸਬਰੀ ਨਾਲ ਉਡੀਕ ਰਹੇਗੀ। ਕਾਬਿਲੇਗੌਰ ਹੈ ਕਿ ਸੁਗਾ ਦਾ ਇਸ ਸਾਲ ਅਪਰੈਲ ਵਿੱਚ ਭਾਰਤ ਆਉਣ ਦਾ ਪ੍ਰੋਗਰਾਮ ਸੀ, ਜਿਸ ਨੂੰ ਕਰੋਨਾ ਕਰਕੇ ਰੱਦ ਕਰਨਾ ਪਿਆ ਸੀ।

ਸ੍ਰੀ ਮੋਦੀ ਇਸ ਤੋਂ ਪਹਿਲਾਂ ਆਪਣੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਨੂੰ ਵੀ ਮਿਲੇ। ਦੋਵਾਂ ਆਗੂਆਂ ਨੇ ਦੁਵੱਲੇ, ਖੇਤਰੀ ਤੇ ਭਾਰਤ-ਪ੍ਰਸ਼ਾਂਤ ਸਮੇਤ ਆਲਮੀ ਮਹੱਤਤਾ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ। ਕਰੋਨਾ ਮਹਾਮਾਰੀ ਦੇ ਅਰਸੇ ਮਗਰੋਂ ਦੋਵਾਂ ਆਗੂਆਂ ਦੀ ਇਹ ਪਲੇਠੀ ਆਹਮੋ-ਸਾਹਮਣੀ ਮੀਟਿੰਗ ਸੀ।