ਬੱਚੀਆਂ ਦਾ ਕਤਲ ਕਰਕੇ ਪਿਤਾ ਨੇ ਕੀਤੀ ਖੁਦਕੁਸ਼ੀ

ਓਟਵਾ : ਗੈਟਿਨਿਊ ਪੁਲਿਸ ਦਾ ਕਹਿਣਾ ਹੈ ਕਿ ਏਲਮਰ, ਕਿਊਬਿਕ ਦੇ ਘਰ ਵਿੱਚ ਇੱਕ ਪਿਤਾ ਤੇ ਉਸ ਦੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ ਡਬਲ ਮਰਡਰ ਤੇ ਖੁਦਕੁਸ਼ੀ ਦਾ ਮਾਮਲਾ ਹੈ।
ਬੁੱਧਵਾਰ ਨੂੰ ਦੁਪਹਿਰੇ 2:00 ਵਜੇ ਪੁਲਿਸ ਅਧਿਕਾਰੀਆਂ ਨੂੰ ਰੂ ਡੰਕਰਕ ਵਿੱਚ ਵੈਸੇ ਹੀ ਜਾਂਚ ਲਈ ਭੇਜਿਆ ਗਿਆ। ਇੱਥੇ ਪੁਲਿਸ ਨੂੰ 51 ਸਾਲਾ ਵਿਅਕਤੀ ਤੇ ਉਸ ਦੀਆਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਤਿੰਨ ਤੇ ਪੰਜ ਸਾਲ ਸੀ, ਦੀਆਂ ਲਾਸ਼ਾਂ ਮਿਲੀਆਂ। ਵੀਰਵਾਰ ਦੁਪਹਿਰ ਨੂੰ ਇੱਕ ਬਿਆਨ ਜਾਰੀ ਕਰਕੇ ਪੁਲਿਸ ਨੇ ਆਖਿਆ ਕਿ ਜਾਂਚਕਾਰਾਂ ਨੇ ਪਤਾ ਲਾਇਆ ਹੈ ਕਿ ਦੋਵਾਂ ਬੱਚੀਆਂ ਦਾ ਕਤਲ ਕੀਤਾ ਗਿਆ ਹੈ ਤੇ ਫਿਰ ਪਿਤਾ ਨੇ ਆਪਣੀ ਜਾਨ ਲੈ ਲਈ। ਪੁਲਿਸ ਨੇ ਦੱਸਿਆ ਕਿ ਬੱਚੀਆਂ ਨਾਲ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਈ।
ਮ੍ਰਿਤਕਾਂ ਦੀ ਪਛਾਣ ਤਿੰਨ ਸਾਲਾ ਓਰਲੀ ਕਪਾਚਾ ਤੇ ਪੰਜ ਸਾਲਾ ਲਾਇਲ ਕਪਾਚਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਪਿਤਾ ਦੀ ਪਛਾਣ 51 ਸਾਲਾ ਐਸੋਡੋਮ ਕਪਾਚਾ ਵਜੋਂ ਕੀਤੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਪਿੱਛੇ ਘਰ ਦਾ ਹੀ ਕੋਈ ਲੜਾਈ ਝਗੜਾ ਜਿ਼ੰਮੇਵਾਰ ਹੋਣ ਦਾ ਸ਼ੱਕ ਹੈ। ਗੁਆਂਢੀਆਂ ਨੂੰ ਵੀ ਇਸ ਤਰ੍ਹਾਂ ਬੱਚੀਆਂ ਦਾ ਕਤਲ ਹੋਣ ਦੀ ਖਬਰ ਸੁਣ ਕੇ ਕਾਫੀ ਝਟਕਾ ਲੱਗਿਆ ਹੈ। ਗੁਆਂਢੀਆਂ ਨੇ ਦੱਸਿਆ ਕਿ ਬੱਚੀਆਂ ਦਾ ਪਿਤਾ ਅਜੇ ਕੁੱਝ ਸਮਾਂ ਪਹਿਲਾਂ ਹੀ ਇੱਥੇ ਸਿ਼ਫਟ ਹੋਇਆ ਸੀ।