ਨਵੀਂ ਦਿੱਲੀ,
ਤਿੰਨਾਂ ਖੇਤੀ ਕਾਨੂੰਨਾਂ ਤੇ ਫਸਲਾਂ ਦੀ ਖਰੀਦ ਗਰੰਟੀ ਦਾ ਕਾਨੂੰਨ ਬਣਾਉਣ ਲਈ 10 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਅਹਿਮ ਐਲਾਨ ਹੇਠ ਕਿਸਾਨਾਂ ਨੇ ਅੱਜ ਸਵੇਰੇ 6 ਵਜੇ ਤੋਂ ਭਾਰਤ ਬੰਦ ਸ਼ੁਰੂ ਕਰ ਦਿੱਤਾ ਹੈ। ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਦੱਖਣੀ ਰਾਜਾਂ ਕੇਰਲਾ, ਕਰਨਾਟਕ, ਤਿਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦੇ ਸੱਦੇ ਉੱਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਗਾਜ਼ੀਪੁਰ ਮੋਰਚੇ ਦੇ ਕਾਰਕੁਨਾਂ ਨੇ ਦਿੱਲੀ-ਮੇਰਠ ਐਕਸਪ੍ਰੈਸ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਐਕਸਪ੍ਰੈੱਸ ਮਾਰਗ ’ਤੇ ਧਰਨਾ ਲਾਇਆ ਹੋਇਆ ਸੀ।