ਲੰਡਨ,
ਬਰਤਾਨੀਆ ਨੇ ਅੱਜ ਕਿਹਾ ਕਿ ਮੁਲਕ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਹਜ਼ਾਰਾਂ ਵੀਜ਼ੇ ਜਾਰੀ ਕਰੇਗਾ। ਦੇਸ਼ ਦੀ ਸਪਲਾਈ ਲੜੀ ਵਿਚ ਮੁਸ਼ਕਲ ਆ ਰਹੀ ਹੈ ਤੇ ਸੁਪਰਮਾਰਕੀਟਾਂ ਵਿਚ ਸਾਮਾਨ ਸਮੇਂ ਸਿਰ ਨਹੀਂ ਪਹੁੰਚ ਰਿਹਾ। ਇਸ ਤੋਂ ਇਲਾਵਾ ਗੈਸ ਸਟੇਸ਼ਨਾਂ ਉਤੇ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਤੇ ਪੰਪ ਬੰਦ ਹਨ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਹੁਣ ਆਵਾਸ ਨੇਮਾਂ ਵਿਚ ਢਿੱਲ ਦੇਵੇਗੀ ਜਦਕਿ ਪਹਿਲਾਂ ਇਸ ਨੇ ਇਨਕਾਰ ਕਰ ਦਿੱਤਾ ਸੀ। ਕਈ ਕਾਰੋਬਾਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਡਰਾਈਵਰਾਂ ਦੀ ਕਮੀ ਕਾਰਨ ਕ੍ਰਿਸਮਸ ਦੇ ਜਸ਼ਨਾਂ ਉਤੇ ਵੀ ਅਸਰ ਪੈ ਸਕਦਾ ਹੈ। ਯੂਕੇ ਵਿਚ ਟਰੱਕ ਡਰਾਈਵਰਾਂ ਦੀ ਕਮੀ ਲਈ ਕਈ ਕਾਰਨ ਜ਼ਿੰਮੇਵਾਰ ਹਨ। ਮਹਾਮਾਰੀ ਤੋਂ ਇਲਾਵਾ, ਬਜ਼ੁਰਗ ਹੋ ਰਹੇ ਕਾਮਿਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਕਾਮੇ ਵੀ ਬਰਤਾਨੀਆ ’ਚੋਂ ਕੰਮ ਛੱਡ ਕੇ ਗਏ ਹਨ ਕਿਉਂਕਿ ਮੁਲਕ ਯੂਰੋਪੀਅਨ ਯੂਨੀਅਨ ਵਿਚੋਂ ਪਿਛਲੇ ਸਾਲ ਬਾਹਰ ਹੋ ਗਿਆ ਸੀ। ਨਵੇਂ ਆਉਣ ਵਾਲੇ ਯੂਰੋਪੀਅਨ ਯੂਨੀਅਨ ਦੇ ਨਾਗਰਿਕ ਹੁਣ ਬਰਤਾਨੀਆ ਵਿਚ ‘ਵੀਜ਼ਾ ਫਰੀ’ ਕੰਮ ਨਹੀਂ ਕਰ ਸਕਦੇ। ਹੁਣ ਉਨ੍ਹਾਂ ਨੂੰ ਢੁੱਕਵਾਂ ਵੀਜ਼ਾ ਲੈਣਾ ਪਵੇਗਾ। ਟਰੱਕਿੰਗ ਕੰਪਨੀਆਂ ਬਰਤਾਨੀਆ ਸਰਕਾਰ ਨੂੰ ਆਵਾਸ ਨਿਯਮਾਂ ਵਿਚ ਢਿੱਲ ਦੇਣ ਦੀ ਬੇਨਤੀ ਕਰ ਰਹੀਆਂ ਸਨ ਤਾਂ ਕਿ ਯੂਰੋਪ ਤੋਂ ਡਰਾਈਵਰ ਬਰਤਾਨੀਆ ਆ ਸਕਣ। ਸਰਕਾਰ ਨੇ ਕਿਹਾ ਹੈ ਕਿ ਇਸ ਵੱਲੋਂ ਤਿੰਨ ਮਹੀਨੇ ਦੇ 5,000 ਵੀਜ਼ੇ ਟਰੱਕ ਡਰਾਈਵਰਾਂ ਨੂੰ ਜਾਰੀ ਕੀਤੇ ਜਾਣਗੇ। ਪੋਲਟਰੀ ਵਰਕਰਾਂ ਲਈ ਵੀ 5500 ਵੀਜ਼ੇ ਜਾਰੀ ਹੋਣਗੇ।