ਕੋਲਕਾਤਾ
ਭਾਜਪਾ ਦੇ ਕੌਮੀ ਉਪ ਪ੍ਰਧਾਨ ਦਿਲੀਪ ਘੋਸ਼ ਨੂੰ ਭਬਾਨੀਪੁਰ ਵਿਧਾਨ ਸਭਾ ਹਲਕੇ ਵਿਚ ਅੱਜ ਕਥਿਤ ਤੌਰ ’ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਰਕਰਾਂ ਨੇ ਧੱਕਾ ਦਿੱਤਾ ਤੇ ਬੋਲਣ ਤੋਂ ਰੋਕਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇੱਥੋਂ ਚੋਣ ਲੜ ਰਹੇ ਹਨ। ਵੇਰਵਿਆਂ ਮੁਤਾਬਕ ਇਸ ਮੌਕੇ ਘੋਸ਼ ਦੇ ਸੁਰੱਖਿਆ ਅਧਿਕਾਰੀ ਨੂੰ ਆਪਣਾ ਪਿਸਤੌਲ ਕੱਢ ਕੇ ਦਿਖਾਉਣਾ ਪਿਆ। ਇਸ ਘਟਨਾ ’ਤੇ ਚੋਣ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਪਾਰਟੀ ਉਮੀਦਵਾਰ ਪ੍ਰਿਯੰਕਾ ਟਿਬਰਵਾਲ ਲਈ ਵੋਟਾਂ ਮੰਗ ਰਹੇ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਨੂੰ ਟੀਐਮਸੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਟੀਵੀ ਚੈਨਲਾਂ ’ਤੇ ਚੱਲੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਘੋਸ਼ ਨੂੰ ਸੜਕ ਉਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਸੁਰੱਖਿਆ ਗਾਰਡ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟੀਐਮਸੀ ਦੇ ਇਕ ਸ਼ੱਕੀ ਸਮਰਥਕ ਨੇ ਇਸ ਮੌਕੇ ਇਕ ਸੁਰੱਖਿਆ ਕਰਮੀ ਨੂੰ ਕਾਲਰ ਤੋਂ ਫੜ ਲਿਆ। ਘੋਸ਼ ਇਕ ਟੀਕਾਕਰਨ ਕੈਂਪ ’ਚ ਗਏ ਸਨ। ਹਲਕੇ ਵਿਚ ਜ਼ਿਮਨੀ ਚੋਣ 30 ਸਤੰਬਰ ਨੂੰ ਹੋ ਰਹੀ ਹੈ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਟੀਐਮਸੀ ਸਮਰਥਕਾਂ ਨੇ ਬਿਨਾਂ ਭੜਕਾਹਟ ਉਨ੍ਹਾਂ ਉਤੇ ਹਮਲਾ ਕੀਤਾ ਤੇ ਇਕ ਪਾਰਟੀ ਵਰਕਰ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਚੋਣ ਕਮਿਸ਼ਨ ਕੋਲ ਉਠਾਉਣਗੇ। ਬੰਗਾਲ ਵਿਚ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਵੀ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਟੀਐਮਸੀ ਆਗੂ ਮਦਨ ਮਿੱਤਰਾ ਨੇ ਕਿਹਾ ਕਿ ਹਰ ਕਿਸੇ ਨੂੰ ਹਲਕੇ ਵਿਚ ਚੋਣ ਪ੍ਰਚਾਰ ਦਾ ਹੱਕ ਹੈ ਪਰ ਹਥਿਆਰ ਨਾਲ ਲੋਕਾਂ ਨੂੰ ਡਰਾਉਣ ਦਾ ਹੱਕ ਕਿਸੇ ਨੂੰ ਨਹੀਂ ਹੈ। ਭਾਜਪਾ ਆਗੂ ਅਰਜੁਨ ਸਿੰਘ ਨੇ ਪੁਲੀਸ ਤੇ ਪ੍ਰਸ਼ਾਸਨ ਉਤੇ ਕੋਈ ਵੀ ਕਦਮ ਨਾ ਚੁੱਕਣ ਦਾ ਦੋਸ਼ ਲਾਇਆ। ਟੀਐਮਸੀ ਆਗੂ ਫਰਹਾਦ ਹਕੀਮ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਭੜਕਾ ਰਹੀ ਹੈ ਕਿਉਂਕਿ ਉਸ ਨੂੰ ਹਾਰ ਨਜ਼ਰ ਆ ਰਹੀ ਹੈ। ਇਸੇ ਦੌਰਾਨ ਅਧਿਕਾਰੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਭਬਾਨੀਪੁਰ ’ਚ ‘ਜਬਰੀ’ ਜ਼ਿਮਨੀ ਚੋਣ ਕਰਵਾਉਣ ਲਈ ਟੀਐਮਸੀ ਤੋਂ ਹਰਜਾਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਥਾਂ ਬਣਾਉਣ ਖਾਤਰ ਵਿਧਾਇਕ ਸੋਵਨਦੇਬ ਚੱਟੋਪਾਧਿਆਏ ਤੋਂ ਅਸਤੀਫ਼ਾ ਲਿਆ ਗਿਆ ਹੈ। ਘੋਸ਼ ਨੇ ਮੰਗ ਕੀਤੀ ਹੈ ਕਿ 30 ਸਤੰਬਰ ਨੂੰ ਹੋਣ ਵਾਲੀ ਚੋਣ ਸਥਿਤੀ ਬਿਹਤਰ ਹੋਣ ਤੱਕ ਰੋਕੀ ਜਾਵੇ।