ਮੈਕਸੀਕੋ ਸਿਟੀ,
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤਿੰਨ ਰੋਜ਼ਾ ਦੌਰੇ ਉਤੇ ਮੈਕਸੀਕੋ ਪਹੁੰਚ ਗਏ ਹਨ। ਇਸ ਦੌਰੇ ਦਾ ਮੰਤਵ ਵਪਾਰ ਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ ਹੋਰਨਾਂ ਖੇਤਰਾਂ ਵਿਚ ਵੀ ਤਾਲਮੇਲ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਾਤੀਨੀ ਅਮਰੀਕਾ ਵਿਚ ਮੈਕਸੀਕੋ ਭਾਰਤ ਦਾ ਵੱਡਾ ਵਪਾਰਕ ਭਾਈਵਾਲ ਹੈ। ਮੈਕਸੀਕੋ ਵਿਚ ਜੈਸ਼ੰਕਰ ਦਾ ਸਵਾਗਤ ਮੰਤਰੀ ਰੋਜੇਲੀਓ ਰਾਮੀਰੇਜ਼ ਨੇ ਕੀਤਾ।
ਜੈਸ਼ੰਕਰ ਨੇ ਉਨ੍ਹਾਂ ਨਾਲ ਕੋਵਿਡ-19 ਸਬੰਧੀ ਗੱਲਬਾਤ ਕੀਤੀ। ਉਹ ਆਪਣੇ ਹਮਰੁਤਬਾ ਮਾਰਸਿਲੋ ਐਬਰਾਡ ਕਸਾਉਬੋਨ ਦੇ ਸੱਦੇ ਉਤੇ ਮੈਕਸੀਕੋ ਆਏ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਮੈਕਸੀਕੋ ਦੇ ਰਾਸ਼ਟਰਪਤੀ ਮੈਨੁਏਲ ਲੋਪੇਜ਼ ਓਬਰਾਡੋਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਮੁਲਕ ਦੇ ਕਾਰੋਬਾਰੀ ਭਾਈਚਾਰੇ ਨੂੰ ਵੀ ਮਿਲਣਗੇ। ਮੈਕਸੀਕੋ ਤੇ ਭਾਰਤ ਦੋਵੇਂ 2021-22 ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰ ਵੀ ਹਨ। ਦੋਵਾਂ ਮੁਲਕਾਂ ਵਿਚਾਲੇ 2018 ਵਿਚ 10 ਅਰਬ ਡਾਲਰ ਤੋਂ ਵੱਧ ਦਾ ਵਪਾਰ ਹੋ ਰਿਹਾ ਸੀ। ਭਾਰਤ ਜ਼ਿਆਦਾਤਰ ਮੈਕਸੀਕੋ ਨੂੰ ਵਾਹਨ ਤੇ ਆਟੋ ਪਾਰਟਸ ਭੇਜਦਾ ਹੈ। ਇਸ ਤੋਂ ਇਲਾਵਾ ਰਸਾਇਣ, ਐਲੂਮੀਨੀਅਮ ਪ੍ਰੋਡਕਟ, ਇਲੈਕਟ੍ਰੀਕਲ ਮਸ਼ੀਨਰੀ ਤੇ ਉਪਕਰਨ, ਸਟੀਲ ਵੀ ਭੇਜੀ ਜਾਂਦੀ ਹੈ। ਮੈਕਸੀਕੋ ਤੋਂ ਭਾਰਤ ਕੱਚਾ ਤੇਲ ਤੇ ਹੋਰ ਵਸਤਾਂ ਮੰਗਵਾਉਂਦਾ ਹੈ।