ਓਨਟਾਰੀਓ ਦੇ ਬਿਜ਼ਨਸਿਜ਼ ਨੂੰ ਵੈਕਸੀਨ ਸਰਟੀਫਿਕੇਟ ਲਈ ਕੋਈ ਰਿਆਇਤ ਨਹੀਂ ਦੇਵੇਗੀ ਫੋਰਡ ਸਰਕਾਰ

ਓਨਟਾਰੀਓ : ਫੋਰਡ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵਾਂ ਵੈਕਸੀਨ ਸਰਟੀਫਿਕੇਟ ਲਾਗੂ ਕਰਨ ਲਈ ਉਨ੍ਹਾਂ ਵੱਲੋਂ ਐਜੂਕੇਸ਼ਨ ਫਰਸਟ ਪਹੁੰਚ ਅਪਣਾਈ ਜਾ ਰਹੀ ਹੈ। ਇਸ ਵੈਕਸੀਨ ਸਰਟੀਫਿਕੇਟ ਲਈ ਕਿਸੇ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਬਿਜ਼ਨਸਿਜ਼ ਨੂੰ ਜੁਰਮਾਨੇ ਲਾਏ ਜਾਣਗੇ।
ਸਿਹਤ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮਹਾਂਮਾਰੀ ਦੌਰਾਨ ਇਸ ਨਵੀਂ ਪਹੁੰਚ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰੋਵਿੰਸ ਵੱਲੋਂ ਇਸ ਸਬੰਧ ਵਿੱਚ ਲੋਕਾਂ ਨੂੰ ਪਹਿਲਾਂ ਜਾਗਰੂਕ ਕਰਨ ਵਾਲੀ ਪਹੁੰਚ ਅਪਣਾਈ ਜਾ ਰਹੀ ਹੈ। ਰੀਓਪਨਿੰਗ ਓਨਟਾਰੀਓ ਐਕਟ ਦੀ ਉਲੰਘਣਾਂ ਕਰਨ ਵਾਲੇ ਬਿਜਨਸਿਜ਼ ਨੂੰ 1,000 ਡਾਲਰ ਜਾਂ 10,000 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਰ ਕਿਸੇ ਨੂੰ ਵੈਕਸੀਨੇਸ਼ਨ ਸਿਸਟਮ ਦੇ ਨਵੇਂ ਸਬੂਤ ਬਾਰੇ ਸਿੱਖਿਅਤ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
22 ਸਤੰਬਰ ਤੱਕ ਓਨਟਾਰੀਓ ਵਾਸੀਆਂ ਨੂੰ ਆਪਣੀ ਵੈਕਸੀਨੇਸ਼ਨ ਦੀ ਰਸੀਦ ਦਿਖਾਉਣੀ ਸੀ ਤੇ ਇਹ ਸਿੱਧ ਕਰਨਾ ਸੀ ਕਿ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ। ਇਸ ਨਾਲ ਉਨ੍ਹਾਂ ਨੂੰ ਰੈਸਟੋਰੈਂਟਸ, ਨਾਈਟਕਲੱਬਜ਼, ਜਿੰਮਜ਼ ਤੇ ਅਜਿਹੀਆਂ ਹੋਰਨਾਂ ਥਾਂਵਾਂ ਤੱਕ ਪਹੁੰਚ ਮਿਲਣੀ ਸੀ। 22 ਅਕਤੂਬਰ ਨੂੰ ਪ੍ਰੋਵਿੰਸ ਵੱਲੋਂ ਇੱਕ ਕਿਊਆਰ ਕੋਡ ਅਤੇ ਇਸ ਪ੍ਰਕਿਰਿਆ ਨੂੰ ਅਮਲੀ ਰੂਪ ਦੇਣ ਲਈ ਵੈਰੀਫਿਕੇਸ਼ਨ ਐਪ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।