ਖਾਣ ਵਿੱਚ ਫਸੇ 39 ਮਾਈਨਰਜ਼ ਵਿੱਚੋਂ 4 ਨੂੰ ਬਚਾਇਆ ਗਿਆ

ਸਡਬਰੀ : ਸਡਬਰੀ, ਓਨਟਾਰੀਓ ਵਿੱਚ ਵੇਲਜ਼ ਟੋਟਨ ਖਾਣ ਵਿੱਚ ਫਸੇ 39 ਲੋਕਾਂ ਵਿੱਚੋਂ 4 ਮਾਈਨਰਜ਼ ਨੂੰ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਫਸੇ ਹੋਏ ਮਾਈਨਰਜ਼ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।

ਸਟੀਲਵਰਕਰਜ਼ ਲੋਕਲ 6500 ਦੇ ਪ੍ਰੈਜ਼ੀਡੈਂਟ ਨਿੱਕ ਲਾਰੋਸੈਲ ਨੇ ਦੱਸਿਆ ਕਿ 30 ਸਟੀਲਵਰਕਰਜ਼ ਸਮੇਤ 39 ਲੋਕ ਐਤਵਾਰ ਤੋਂ ਉੱਥੇ ਫਸੇ ਹੋਏ ਹਨ। ਲਾਰੋਸੈਲ ਨੇ ਦੱਸਿਆ ਕਿ ਇਹ ਮਾਈਨਰਜ਼ ਐਤਵਾਰ ਨੂੰ ਸਵੇਰੇ 7:00 ਵਜੇ ਆਪਣੀ ਸਿ਼ਫਟ ਸ਼ੁਰੂ ਕਰਨ ਲਈ ਅੰਡਰਗ੍ਰਾਊਂਡ ਗਏ ਸਨ। ਸਵੇਰੇ 11:30 ਵਜੇ ਕੋਈ ਘਟਨਾ ਵਾਪਰਨ ਕਾਰਨ ਸ਼ਾਫਟ ਖਰਾਬ ਹੋ ਗਈ।ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਬਚਾਏ ਗਏ ਮਾਈਨਰਜ਼ ਵਿੱਚੋਂ ਚਾਰ ਸ਼ਾਮੀਂ 7:00 ਵਜੇ ਤੋਂ ਰਾਤ ਦੇ 8:00 ਵਜੇ ਦਰਮਿਆਨ ਬਾਹਰ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਕੁੱਝ ਹੋਰ ਮਾਈਨਰਜ਼ ਖਾਣ ਦੇ ਅੱਧ ਤੱਕ ਆ ਚੁੱਕੇ ਹਨ ਜਦਕਿ ਬਾਕੀਆਂ ਨੂੰ ਬਾਹਰ ਕੱਢਣ ਲਈ ਅਜੇ ਹੋਰ ਸਮਾਂ ਲੱਗੇਗਾ। ਓਨਟਾਰੀਓ ਮਾਈਨ ਰੈਸਕਿਊ ਦੇ ਸ਼ਾਅਨ ਰਾਈਡਆਊਟ ਨੇ ਦੱਸਿਆ ਕਿ ਵਰਕਰਜ਼ ਇਸ ਸਮੇਂ 4000 ਤੇ 3000 ਦੇ ਲੈਵਲ ਉੱਤੇ ਹਨ ਤੇ ਹੌਲੀ ਹੌਲੀ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ।