ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ

Former Japanese Foreign Minister Fumio Kishida celebrates with outgoing Prime Minister, Yoshihide Suga, after being announced the winner of the Liberal Democrat Party leadership election in Tokyo, Japan September 29, 2021. Carl Court/Pool via REUTERS

ਟੋਕੀਓ 

ਜਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੂਮੀਓ ਕਿਸ਼ਿਦਾ ਨੇ ਹੁਕਮਰਾਨ ਪਾਰਟੀ ਦੇ ਆਗੂ ਵਜੋਂ ਚੋਣ ਜਿੱਤ ਲਈ ਹੈ। ਇਸ ਨਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਬਣਨ ’ਤੇ ਕਿਸ਼ਿਦਾ ਅੱਗੇ ਮਹਾਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਅਤੇ ਵਧਦੇ ਖੇਤਰੀ ਸੁਰੱਖਿਆ ਖ਼ਤਰਿਆਂ ਨਾਲ ਸਿੱਝਣ ਲਈ ਅਮਰੀਕਾ ਨਾਲ ਮਜ਼ਬੂਤ ਗੱਠਜੋੜ ਬਣਾਉਣ ਦੀ ਚੁਣੌਤੀ ਹੋਵੇਗੀ। ਕਿਸ਼ਿਦਾ ਪਾਰਟੀ ਦੇ ਮੌਜੂਦਾ ਆਗੂ ਅਤੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੀ ਥਾਂ ਲੈਣਗੇ। ਪਿਛਲੇ ਸਾਲ ਸਤੰਬਰ ’ਚ ਪਾਰਟੀ ਮੁਖੀ ਦਾ ਅਹੁਦਾ ਸੰਭਾਲਣ ਦੇ ਮਹਿਜ਼ ਇਕ ਸਾਲ ਬਾਅਦ ਹੀ ਸੁਗਾ ਇਹ ਅਹੁਦਾ ਛੱਡ ਰਹੇ ਹਨ। ਲਿਬਰਲ ਡੈਮੋਕਰੈਟਿਕ ਪਾਰਟੀ ਦੇ ਨਵੇਂ ਆਗੂ ਵਜੋਂ ਕਿਸ਼ਿਦਾ ਦਾ ਸੰਸਦ ’ਚ ਸੋਮਵਾਰ ਨੂੰ ਅਗਲਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਤੈਅ ਹੈ। ਕਿਸ਼ਿਦਾ ਨੇ ਪਾਰਟੀ ਦੇ ਆਗੂ ਦੀ ਚੋਣ ਲਈ ਹੋਏ ਮੁਕਾਬਲੇ ’ਚ ਟੀਕਾਕਰਨ ਮੰਤਰੀ ਤਾਰੋ ਕੋਨੋ ਨੂੰ ਹਰਾਇਆ। ਪਹਿਲੇ ਗੇੜ ’ਚ ਉਨ੍ਹਾਂ ਦੋ ਮਹਿਲਾ ਉਮੀਦਵਾਰਾਂ ਸਨਾ ਤਕਾਇਚੀ ਅਤੇ ਸੇਈਕੋ ਨੋਡਾ ਨੂੰ ਹਰਾਇਆ ਸੀ। ਚੋਣ ਨਤੀਜਿਆਂ ਮੁਤਾਬਕ ਕਿਸ਼ਿਦਾ ਨੂੰ ਆਪਣੀ ਪਾਰਟੀ ਦੇ ਵੱਡੇ ਆਗੂਆਂ ਤੋਂ ਵਧੇਰੇ ਸਮਰਥਨ ਮਿਲਿਆ ਹੈ ਜਿਨ੍ਹਾਂ ਸਥਿਰਤਾ ਦੀ ਚੋਣ ਕੀਤੀ ਹੈ। ਨਵੇਂ ਆਗੂ ’ਤੇ ਪਾਰਟੀ ਦੀ ਦਿੱਖ ਸੁਧਾਰਨ ਦਾ ਵੀ ਦਬਾਅ ਹੋਵੇਗਾ ਜੋ ਸੁਗਾ ਦੀ ਅਗਵਾਈ ਹੇਠ ਖ਼ਰਾਬ ਹੋਈ ਹੈ। ਕਰੋਨਾ ਨਾਲ ਨਜਿੱਠਣ ’ਚ ਨਾਕਾਮ ਰਹਿਣ ਅਤੇ ਟੋਕੀਓ ਓਲੰਪਿਕਸ ਕਰਾਉਣ ’ਤੇ ਅੜੇ ਸੁਗਾ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਅਗਲੇ ਦੋ ਮਹੀਨਿਆਂ ’ਚ ਹੇਠਲੇ ਸਦਨ ਦੀਆਂ ਚੋਣਾਂ ਹੋਣੀਆਂ ਹਨ ਅਤੇ ਹੁਕਮਰਾਨ ਪਾਰਟੀ ਨੂੰ ਲੋਕਾਂ ’ਚ ਭੱਲ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਕਿਸ਼ਿਦਾ ਦਾ ਮੰਨਣਾ ਹੈ ਕਿ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੀ ਅਗਵਾਈ ਹੇਠ ਵੱਡੀਆਂ ਕੰਪਨੀਆਂ ਨੂੰ ਲਾਭ ਮਿਲਿਆ ਸੀ ਜਦਕਿ ਉਹ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇਕਸਾਰ ਵਿਕਾਸ ਅਤੇ ਵੰਡ ਨੂੰ ਤਰਜੀਹ ਦੇਣਗੇ।

ਟੋਕੀਓ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਯੂ ਊਚੀਯਾਮਾ ਨੇ ਕਿਹਾ ਕਿ ਕੂਟਨੀਤਕ ਅਤੇ ਸੁਰੱਖਿਆ ਨੀਤੀਆਂ ਪੱਖੋਂ ਘੱਟ ਹੀ ਬਦਲਾਅ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਮੁਤਾਬਕ ਜਪਾਨ ਦੀ ਸਿਆਸਤ ’ਚ ਸਥਿਰਤਾ ਦੀ ਲੋੜ ਹੈ ਕਿਉਂਕਿ ਥੋੜ੍ਹੇ ਸਮੇਂ ’ਚ ਕਿਸੇ ਏਜੰਡੇ ’ਤੇ ਕੰਮ ਹੋਣਾ ਬਹੁਤ ਮੁਸ਼ਕਲ ਹੈ।